ਨਵੀਂ ਦਿੱਲੀ : ਦੇਸ਼ ਵਿਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਮਕਸਦ ਨਾਲ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਵੀਰਵਾਰ ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ 32 ਥਾਵਾਂ ’ਤੇ ਛਾਪੇਮਾਰੀ ਕੀਤੀ। ਏਜੰਸੀ ਦੀਆਂ ਕਈ ਟੀਮਾਂ ਨੇ ਰਾਜ ਪੁਲਸ ਬਲਾਂ ਦੇ ਨਾਲ ਤਾਲਮੇਲ ਬਣਾ ਕੇ ਤਲਾਸ਼ੀ ਲਈ। ਹਰਿਆਣਾ ਦੇ ਝੱਜਰ ਅਤੇ ਸੋਨੀਪਤ ’ਚ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਗਠਤ ਦਹਿਸ਼ਤੀ-ਅਪਰਾਧ ਸਿੰਡੀਕੇਟ ਨਾਲ ਜੁੜੇ ਮੈਂਬਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇਹ ਛਾਪੇਮਾਰੀ 6 ਜਨਵਰੀ ਨੂੰ ਬਿਸ਼ਨੋਈ ਦੀਆਂ ਚਾਰ ਜਾਇਦਾਦਾਂ ਕੁਰਕ ਕਰਨ ਦੇ ਕੁਝ ਦਿਨ ਬਾਅਦ ਕੀਤੀ ਗਈ ਹੈ।
ਫਰੀਦਕੋਟ ਸਭ ਤੋਂ ਠੰਢਾ
ਚੰਡੀਗੜ੍ਹ : ਹਰਿਆਣਾ ਦਾ ਨਾਰਨੌਲ 2.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਚੰਡੀਗੜ੍ਹ ’ਚ ਬੁੱਧਵਾਰ ਰਾਤ ਦਾ ਤਾਪਮਾਨ 6.4 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ ’ਚ ਤਾਪਮਾਨ 3.6, ਬਠਿੰਡਾ 4.2, ਗੁਰਦਾਸਪੁਰ ’ਚ 4.5 ਅਤੇ ਅੰਮਿ੍ਰਤਸਰ, ਲੁਧਿਆਣਾ ਅਤੇ ਪਟਿਆਲਾ ’ਚ ਕ੍ਰਮਵਾਰ ਘੱਟੋ-ਘੱਟ ਤਾਪਮਾਨ 5.6, 6.3 ਤੇ 6.5 ਡਿਗਰੀ ਸੈਲਸੀਅਸ ਸੀ।
ਇੰਦੌਰ ਤੇ ਸੂਰਤ ਸਭ ਤੋਂ ਸਾਫ
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਸਾਲਾਨਾ ਸਰਵੇਖਣ ’ਚ ਇੰਦੌਰ ਤੇ ਸੂਰਤ ਦੇਸ਼ ਦੇ ਸਭ ਤੋਂ ਸਾਫ ਸ਼ਹਿਰ ਹਨ। ਇੰਦੌਰ ਨੇ ਲਗਾਤਾਰ ਸੱਤਵੀਂ ਵਾਰ ਇਹ ਖਿਤਾਬ ਹਾਸਲ ਕੀਤਾ। ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ। ਮਹਾਰਾਸ਼ਟਰ ਭਾਰਤ ਦਾ ਸਭ ਤੋਂ ਸਾਫ-ਸੁਥਰਾ ਰਾਜ ਕਰਾਰ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਨੂੰ ਰੱਖਿਆ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਹ ਪੁਰਸਕਾਰ ਵੰਡੇ।
‘ਚੋਰਾਂ ਦੇ ਗਰੋਹ ਨੂੰ ਮਾਨਤਾ’
ਮੁੰਬਈ : ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ’ਤੇ ਕਿਹਾ ਹੈ ਕਿ ਸਪੀਕਰ ਨੇ ਚੋਰਾਂ ਦੇ ਗਰੋਹ ਨੂੰ ਮਾਨਤਾ ਦੇ ਕੇ ਸੰਵਿਧਾਨ ਨੂੰ ਦਬੜ ਦਿੱਤਾ ਹੈ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਲੋਕ ਇਸ ’ਚ ਸ਼ਾਮਲ ਲੋਕਾਂ ਨੂੰ ਮੁਆਫ ਨਹੀਂ ਕਰਨਗੇ। ਇਸੇ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਨਾਰਵੇਕਰ ਨੂੰ ਇਨਸਾਫ ਦਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਉਨ੍ਹਾ ਨੇ ਸ਼ਿੰਦੇ ਦੇ ਵਕੀਲ ਵਜੋਂ ਕੰਮ ਕੀਤਾ।




