ਭੀਖੀ (ਧਰਮਵੀਰ ਸ਼ਰਮਾ)
ਸਥਾਨਕ ਐਚ ਡੀ ਐਫ ਸੀ ਦੀ ਸ਼ਾਖਾ ਵਿੱਚੋਂ ਪੈਸੇ ਕਢਵਾ ਕੇ ਜਾ ਰਹੇ ਇੱਕ ਕਿਸਾਨ ਤੋਂ 2 ਮੋਟਰਸਾਇਕਲ ਸਵਾਰ ਨੌਜਵਾਨ 4 ਲੱਖ ਰੁਪਏ ਖੋਹ ਕੇ ਫਰਾਰ ਹੋ ਰਹੇ ਸਨ ਕਿ ਉਕਤ ਕਿਸਾਨ ਦੀ ਮੁਸ਼ਤੈਦੀ ਨਾਲ ਇੱਕ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਲੋਕਾਂ ਨੇ ਸਥਾਨਕ ਬਰਨਾਲਾ ਚੌਂਕ ਕੋਲ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ |
ਦੂਜਾ ਨੋਜਵਾਨ ਪੈਸੇ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ | ਬਾਅਦ ਵਿੱਚ ਉਕਤ ਨੌਜਵਾਨ ਨੂੰ ਵੀ ਕਾਬੂ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਮਾਉਂ ਦਾ ਕਿਸਾਨ ਗੁਲਜਾਰ ਸਿੰਘ ਪੁੱਤਰ ਜੰਗੀਰ ਸਿੰਘ ਸਥਾਨਕ ਐਚ ਡੀ ਐਫ ਸੀ ਬੈਂਕ ਦੀ ਸ਼ਾਖਾ ਵਿੱਚੋਂ 4 ਲੱਖ ਰੁਪਏ ਦੀ ਰਾਸ਼ੀ ਕਢਵਾ ਕੇ ਜਿਵੇਂ ਹੀ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਹੀ ਤਾਕ ਵਿੱਚ ਬੈਠੇ ਉਕਤ ਨੌਜਵਾਨਾਂ ਨੇ ਉਸ ਤੋਂ ਪੈਸਿਆਂ ਵਾਲਾ ਝੋਲਾ ਖੋਹ ਕੇ ਭੱਜਣ ਦੀ ਕੋਸਿਸ਼ ਕੀਤੀ, ਪ੍ਰੰਤੂ ਮੋਟਰਸਾਇਕਲ ਸਟਾਰਟ ਕਰੀ ਖੜੇ ਨੌਜਵਾਨ ਨੂੰ ਉਕਤ ਕਿਸਾਨ ਨੇ ਘੇਰ ਲਿਆ ਅਤੇ ਥੋੜ੍ਹੀ ਦੇਰ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਕਤ ਨੌਜਵਾਨ ਨੂੰ ਮੋਟਰਸਾਇਕਲ ਸਮੇਤ ਕਾਬੂ ਕਰ ਲਿਆ ਅਤੇ ਦੂਜਾ ਨੌਜਵਾਨ ਪੈਸੇ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਪ੍ਰੰਤੂ ਥੋੜੀ ਦੇਰ ਬਾਅਦ ਦੂਸਰੇ ਨੌਜਵਾਨ ਨੂੰ ਵੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ |
ਉਕਤ ਨੌਜਵਾਨਾਂ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਭੁਪਾਲ ਕਲਾਂ ਅਤੇ ਪ੍ਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਜੀਤ ਸਿੰਘ ਵਾਸੀ ਅਤਲਾ ਖੁਰਦ ਵੱਜੋਂ ਹੋਈ ਹੈ | ਭੀਖੀ ਪੁਲਸ ਨੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |





