ਲੁਧਿਆਣਾ : ਪੰਜਾਬ ਇਸਤਰੀ ਸਭਾ ਦੀ ਇੱਕ ਅਤਿ ਜ਼ਰੂਰੀ ਸੂਬਾ ਕੌਂਸਲ ਮੀਟਿੰਗ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਇਸ ਮੌਕੇ ਬਿਲਕਿਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਜੇਲ੍ਹ ਵਾਪਸ ਭੇਜਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕਰਦਿਆਂ ਸੂਬਾ ਪ੍ਰਧਾਨ ਰਜਿੰਦਰਪਾਲ ਤੇ ਸਰਪ੍ਰਸਤ ਨਰਿੰਦਰਪਾਲ ਨੇ ਕਿਹਾ ਕਿ ਅਗਸਤ 2022 ਵਿੱਚ ਗੁਜਰਾਤ ਸਰਕਾਰ ਵੱਲੋਂ ਦਿੱਤੇ ਮੁਆਫੀਨਾਮੇ ਨੂੰ ਰੱਦ ਕਰਨ ਵਾਲਾ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਇਹ ਬਲਾਤਕਾਰ-ਕਤਲ ਦੀ ਘਟਨਾ 2002 ਦੇ ਗੁਜਰਾਤ ਦੰਗਿਆਂ ਦੌਰਾਨ ਵਾਪਰੀ ਸੀ, ਜਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ। ਭਾਜਪਾ ਇਨ੍ਹਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਬਚਾਉਣ ਲਈ ਬੇਸ਼ਰਮੀ ਦੀਆਂ ਸਿਖਰਾਂ ਛੂਹ ਗਈ। ਅਪਰਾਧੀਆਂ ਦੀ ਮੁਆਫੀ ਔਰਤ ਜਾਤੀ ਦਾ ਅਪਮਾਨ ਸੀ, ਪਰ ਬਿਲਕਿਸ ਬਾਨੋ ਵੱਲੋਂ ਹਿਮਤ ਨਾ ਹਾਰਦਿਆਂ ਆਪਣੀ ਲੜਾਈ ਜਾਰੀ ਰੱਖੀ ਗਈ। ਇਸ ਲੜਾਈ ਵਿੱਚ ਉਸ ਦਾ ਸਾਥ ਔਰਤ ਜੱਥੇਬੰਦੀਆਂ ਨੇ ਵੀ ਦਿੱਤਾ। ਦੇਸ਼ ਭਰ ਵਿੱਚ ਇਸ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਪੰਜਾਬ ਇਸਤਰੀ ਸਭਾ ਨੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕਰਦਿਆਂ ਮੰਗ ਪੱਤਰ ਦਿੱਤੇ ਸਨ। ਸਾਨੂੰ ਫਖਰ ਹੈ ਕਿ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ (ਐੱਨ ਐੱਫ ਆਈ ਡਬਲਯੂ) ਵੀ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਸੀ, ਜਿਸ ਨੇ ਮੁਆਫੀ ਦੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਸੁਪਰੀਮ ਕੋਰਟ ਦਾ ਫੈਸਲਾ ਬਿਲਕਿਸ ਬਾਨੋ ਦੀ ਜਿੱਤ ਤੇ ਮੋਦੀ ਹਕੂਮਤ ਦੀ ਹਾਰ ਹੈ। ਇਸ ਦੌਰਾਨ ਸੂਬਾ ਸਕੱਤਰ ਨਰਿੰਦਰ ਸੋਹਲ ਵੱਲੋਂ ਨੈਸ਼ਨਲ ਕੌਂਸਲ ਮੀਟਿੰਗ ਖੜਗਪੁਰ ਦੀ ਰਿਪੋਰਟ ਪੇਸ਼ ਕੀਤੀ ਗਈ। ਅਗਲੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਔਰਤਾਂ ਤੇ ਦਲਿਤਾਂ ਉਤੇ ਅੱਤਿਆਚਾਰ ਬਹੁਤ ਜ਼ਿਆਦਾ ਵਧ ਗਿਆ ਹੈ। ਹਰ ਪਾਸੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਇਹਨਾਂ ਹਾਲਾਤ ਦੇ ਮੱਦੇਨਜ਼ਰ ਪੰਜਾਬ ਇਸਤਰੀ ਸਭਾ ‘ਭਾਰਤੀ ਮਹਿਲਾ ਫੈਡਰੇਸ਼ਨ’ ਦੀ ਰਹਿਨੁਮਾਈ ਹੇਠ ਔਰਤਾਂ ਦੇ ਸਨਮਾਨ ਅਤੇ ਹੋਰ ਜਨਤਕ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਮੁਹਿੰਮ ਚਲਾਏਗੀ, ਜੋ 26 ਜਨਵਰੀ ਤੋਂ 15 ਫਰਵਰੀ ਤੱਕ ਚੱਲੇਗੀ ਅਤੇ ਇਸ ਦਾ ਨਾਹਰਾ ਹੋਵੇਗਾ “ਔਰਤਾਂ ਦੇ ਸਨਮਾਨ ਵਿੱਚ, ਪੰਜਾਬ ਇਸਤਰੀ ਸਭਾ ਮੈਦਾਨ ਵਿੱਚ’’। ਮੀਟਿੰਗ ਵਿੱਚ ਇਸ ਮੁਹਿੰਮ ਲਈ ਵੱਖ-ਵੱਖ ਜ਼ਿਲ੍ਹਿਆਂ ਲਈ ਆਗੂ ਟੀਮ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਤਰੀਕਾਂ ਵੀ ਤਹਿ ਕੀਤੀਆਂ ਗਈਆਂ। ਜਿਸ ਅਨੁਸਾਰ 26 ਜਨਵਰੀ ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਉਪਰੰਤ 28 ਜਨਵਰੀ ਅੰਮਿ੍ਰਤਸਰ, 30 ਜਨਵਰੀ ਫਰੀਦਕੋਟ, 3 ਫਰਵਰੀ ਮੁਕਤਸਰ ਤੇ ਫਾਜ਼ਿਲਕਾ, 4 ਫਰਵਰੀ ਲੁਧਿਆਣਾ, 8 ਫਰਵਰੀ ਫਿਰੋਜ਼ਪੁਰ, 10 ਫਰਵਰੀ ਜਲੰਧਰ ਤੇ ਬਠਿੰਡਾ, 12 ਫਰਵਰੀ ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਵਿੱਚ ਲਗਾਤਾਰ ਮੁਹਿੰਮ ਚੱਲੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰੁਪਿੰਦਰ ਮਾੜੀਮੇਘਾ, ਸੀਮਾ ਸੋਹਲ, ਜੋਗਿੰਦਰ ਕੌਰ, ਅਮਰਜੀਤ ਕੌਰ, ਸੰਤੋਸ਼ ਬਰਾੜ, ਮਨਜੀਤ ਕੌਰ, ਕੁਲਵੰਤ ਕੌਰ, ਸ਼ਸ਼ੀ ਸ਼ਰਮਾ, ਭਗਵੰਤ ਕੌਰ, ਸੁਰਿੰਦਰ ਕੌਰ, ਬਿੰਦਰ, ਤਿ੍ਰਪਤ ਕਾਲੀਆ, ਗੁਰਬਖਸ਼ ਰਾਹੋਂ, ਸ਼ਰਨਜੀਤ ਕੌਰ, ਸੁਦੇਸ਼ ਕੁਮਾਰੀ, ਉਪਦੇਸ਼, ਪੂਨਮ ਅਤੇ ਕਾਮਰੇਡ ਭਾਟੀਆ ਆਦਿ ਹਾਜ਼ਰ ਸਨ।