ਹਰਿਦੁਆਰ : ਉੱਤਰਾਖੰਡ ਵਿਚ ਜਿਓਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ ਹੈ ਕਿ ਚਾਰ ਸ਼ੰਕਰਾਚਾਰੀਆ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ, ਕਿਉਕਿ ਸਮਾਗਮ ਸਨਾਤਨ ਧਰਮ ਦੇ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੁਰੀ ਗੋਵਰਧਨ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ ਕਿਹਾ ਸੀ ਕਿ ਸਭ ਸ਼ਾਸਤਰ ਦੇ ਵਿਰੁੱਧ ਕੀਤਾ ਜਾ ਰਿਹਾ ਹੈ।
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾ ਦਾ ਕਿਸੇ ਨਾਲ ਵਿਰੋਧ ਨਹੀਂ, ਪਰ ਉਹ ਅਯੁੱਧਿਆ ਨਹੀਂ ਜਾਣਗੇ, ਕਿਉਕਿ ਹਿੰਦੂ ਧਰਮ ਦੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਮੰਦਰ ਦੀ ਉਸਾਰੀ ਮੁਕੰਮਲ ਕੀਤੇ ਜਾਣ ਤੋਂ ਬਿਨਾਂ ਮੂਰਤੀਆਂ ਸਥਾਪਤ ਕਰਨਾ ਹਿੰਦੂ ਧਰਮ ਦੇ ਵਿਰੁੱਧ ਹੈ। ਏਨੀ ਕਾਹਲੀ ਕਰਨ ਦੀ ਕੋਈ ਲੋੜ ਨਹੀਂ। ਉਸਾਰੀ ਨੂੰ ਕਾਫੀ ਸਮਾਂ ਲੱਗਣਾ ਹੈ। ਉਸ ਤੋਂ ਬਾਅਦ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਣੀ ਚਾਹੀਦੀ ਹੈ।
ਅਧੂਰੇ ਮੰਦਰ ਦਾ ਉਦਘਾਟਨ ਦਾ ਵਿਚਾਰ ਚੰਗਾ ਨਹੀਂ। ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਮੋਦੀ-ਵਿਰੋਧੀ ਕਿਹਾ ਜਾ ਸਕਦਾ ਹੈ, ਪਰ ਉਹ ਮੋਦੀ ਵਿਰੋਧੀ ਨਹੀਂ। ਉਸੇ ਸਮੇਂ ਉਹ ਧਰਮ ਸ਼ਾਸਤਰ ਦੇ ਵਿਰੁੱਧ ਨਹੀਂ ਜਾ ਸਕਦੇ। ਟਰੱਸਟ ਮੁਤਾਬਕ ਮੰਦਰ ਦੀ ਪਹਿਲੀ ਮੰਜ਼ਲ ਬਣ ਚੁੱਕੀ ਹੈ ਤੇ ਬਾਕੀ ਦੋ ਸਾਲਾਂ ਵਿਚ ਬਣਨਗੀਆਂ।