ਮੋਗਾ (ਅਮਰਜੀਤ ਬੱਬਰੀ)
ਟਰਾਂਸਪੋਰਟ ਕਾਮਿਆਂ ਦੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ ਸਕੱਤਰੇਤ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋਈ। ਮੀਟਿੰਗ ਵਿੱਚ ਟਰਾਂਸਪੋਰਟ ਸਕੱਤਰ, ਡਾਇਰੈਕਟਰ ਸਟੇਟ ਟਰਾਂਸਪੋਰਟ ਸਮੇਤ ਵਿਭਾਗ ਦੇ ਉੱਚ-ਅਧਿਕਾਰੀ ਸ਼ਾਮਲ ਸਨ। ਸਾਰਥਿਕ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਰੋਡਵੇਜ਼ ਮਹਿਕਮੇ ਨਾਲ ਜੁੜੀਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਅਤੇ ਵਿਭਾਗੀ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ। ਜਥੇਬੰਦੀ ਵੱਲੋਂ ਦਿੱਤੇ ਗਏ ਮੰਗ ਪੱਤਰ ਅਨੁਸਾਰ ਆਗੂਆਂ ਨੇ ਹਰ ਇੱਕ ਮੰਗ ਉੱਪਰ ਮੰਤਰੀ ਅਤੇ ੳੱੁਚ ਅਧਿਕਾਰੀਆਂ ਨਾਲ ਵੇਰਵੇ ਸਮੇਤ ਆਪਣੀ ਗੱਲ ਰੱਖੀ। ਮੰਤਰੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਇਹਨਾਂ ਵਾਜਿਬ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਮਹੀਨੇ ਵਿੱਚ ਅਮਲੀ ਰੂਪ ਦੇ ਦਿੱਤਾ ਜਾਵੇਗਾ। ਸਰਕਾਰ ਵੱਲੋਂ ਦਿੱਤੇ ਗਏ ਇਸ ਭਰੋਸੇ ਉਪਰੰਤ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ 18 ਜਨਵਰੀ ਨੂੰ ਮੰਤਰੀ ਦੇ ਸ਼ਹਿਰ ਪੱਟੀ ਵਿਖੇ ਕੀਤਾ ਜਾਣ ਵਾਲਾ ਮੁਜ਼ਾਹਰਾ ਫਿਲਹਾਲ ਮੁਲਤਵੀ ਕੀਤਾ ਜਾਂਦਾ ਹੈ। ਜੇਕਰ ਇਸ ਤਹਿ ਸਮੇਂ ਅਨੁਸਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਜਥੇਬੰਦੀ ਜ਼ੋਰਦਾਰ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ।
ਮੀਟਿੰਗ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਪ੍ਰਧਾਨ ਗੁਰਜੀਤ ਸਿੰਘ ਬਟਾਲਾ, ਡਿਪਟੀ ਜਨਰਲ ਸਕੱਤਰ ਗੁਰਜੰਟ ਕੋਕਰੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ, ਚੇਅਰਮੈਨ ਦੀਦਾਰ ਸਿੰਘ ਪੱਟੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸੰਧੂ ਸਮੇਤ ਜਥੇਬੰਦੀ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਟੀਮ ਸ਼ਾਮਲ ਸੀ।