ਹੁਸ਼ਿਆਰਪੁਰ (ਓ ਪੀ ਰਾਣਾ, ਬਲਬੀਰ ਸੈਣੀ)
ਸਰਬਜੀਤ ਸਿੰਘ ਬਾਹੀਆ ਪੀ ਪੀ ਐੱਸ ਪੁਲਸ ਕਪਤਾਨ, ਪਰਮਿੰਦਰ ਸਿੰਘ ਪੀ ਪੀ ਐੱਸ ਉਪ ਪੁਲਸ ਕਪਤਾਨ ਤੇ ਕੁਲਵੰਤ ਸਿੰਘ ਪੀ ਪੀ ਐੱਸ ਉਪ ਪੁਲਸ ਕਪਤਾਨ ਟਾਂਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ ਆਈ ਏ ਸਟਾਫ ਅਤੇ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀਆਂ ਵਿਸ਼ੇਸ਼ ਟੀਮਾਂ ਨੇ ਬੀਤੀ 5 ਜਨਵਰੀ ਨੂੰ ਥਾਣਾ ਟਾਂਡਾ ਦੇ ਏਰੀਏ ’ਚ ਪੈਂਦੇ ਪਿੰਡ ਤਲਵੰਡੀ ਸੱਲਾਂ ’ਚ ਸਾਹਿਲ ਨਾਂਅ ਦੇ ਲੜਕੇ ਦੇ ਕਤਲ ’ਚ ਲੋੜੀਂਦੇ 5 ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 5 ਜਨਵਰੀ ਨੂੰ ਥਾਣਾ ਟਾਂਡਾ ਦੇ ਏਰੀਏ ’ਚ ਪੈਂਦੇ ਪਿੰਡ ਤਲਵੰਡੀ ਸੱਲਾਂ ’ਚ ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਦਾ ਪੁਰਾਣੀ ਰੰਜਿਸ਼ ਕਾਰਨ ਆਪਸ ’ਚ ਝਗੜਾ ਹੋ ਗਿਆ ਸੀ, ਜਿਸ ’ਚ ਸਾਹਿਲ ਵਾਸੀ ਤਲਵੰਡੀ ਸੱਲਾਂ ਥਾਣਾ ਟਾਂਡਾ ਦੀ ਸਿਰ ’ਚ ਸੱਟ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ’ਤੇ ਕਥਿਤ ਮੁਲਜ਼ਮਾਂ ਖਿਲਾਫ ਥਾਣਾ ਟਾਂਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਪਰੋਕਤ ਮੁਕੱਦਮੇ ਵਿਚ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਲਈ ਸਰਬਜੀਤ ਸਿੰਘ ਬਾਹੀਆ ਪੀ ਪੀ ਐੱਸ ਪੁਲਸ ਕਪਤਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ’ਤੇ ਉਪਰੋਕਤ ਟੀਮਾਂ ਨੇ ਲੋੜੀਂਦੇ 5 ਕਥਿਤ ਦੋਸ਼ੀਆਂ ਜਸ਼ਨ ਵਾਸੀ ਤਲਵੰਡੀ ਸੱਲਾਂ ਥਾਣਾ ਟਾਂਡਾ, ਪਰਮਵੀਰ ਸਿੰਘ ਉਰਫ ਪੰਮਾ ਵਾਸੀ ਮਾਨਪੁਰ ਥਾਣਾ ਟਾਂਡਾ, ਸਵਿਚਰਨਜੀਤ ਵਾਸੀ ਮਾਨਪੁਰ ਥਾਣਾ ਟਾਂਡਾ, ਅਭਿਸ਼ੇਕ ਉਰਫ ਅਭੀ ਵਾਸੀ ਤਲਵੰਡੀ ਸੱਲਾਂ ਥਾਣਾ ਟਾਂਡਾ ਅਤੇ ਅਸ਼ੀਸ਼ ਕੌਸ਼ਲ ਵਾਸੀ ਮਾਨਪੁਰ ਥਾਣਾ ਟਾਂਡਾ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਪਾਸੋਂ ਅਗਲੇਰੀ ਪੁੱਛਗਿੱਛ ਜਾਰੀ ਹੈ।




