ਵਾਸ਼ਿੰਗਟਨ : ਅਮਰੀਕੀ ਫੌਜ ਨੇ ਸ਼ਨੀਵਾਰ ਸਵੇਰੇ ਯਮਨ ’ਚ ਹੂਤੀ ਵਿਦਰੋਹੀਆਂ ਦੇ ਕੰਟਰੋਲ ਵਾਲੇ ਇੱਕ ਹੋਰ ਸਥਾਨ ’ਤੇ ਹਮਲਾ ਕੀਤਾ। ਅਮਰੀਕਾ ਦੇ ਦੋ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯਮਨ ਦੀ ਰਾਜਧਾਨੀ ਸਨਾ ’ਚ ਪੱਤਰਕਾਰਾਂ ਨੇ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਅਮਰੀਕਾ ਅਤੇ ਬਿ੍ਰਟੇਨ ਨੇ ਹੂਤੀ ਵਿਦਰੋਹੀਆਂ ਦੇ ਕਬਜ਼ੇ ਵਾਲੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ 28 ਸਥਾਨਾਂ ਦੇ 60 ਟਿਕਾਣਿਆਂ ’ਤੇ ਹਮਲਾ ਕੀਤਾ ਗਿਆ। ਅਮਰੀਕਾ ਨੇ ਕਿਹਾ ਕਿ ਇੱਕ ਰਡਾਰ ਸਥਾਨ ਹੁਣ ਵੀ ਸਮੁੰਦਰੀ ਆਵਾਜਾਈ ਲਈ ਖ਼ਤਰਾ ਬਣਿਆ ਹੋਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਚੇਤਾਵਨੀ ਦਿੱਤੀ ਸੀ ਕਿ ਹੂਤੀ ਵਿਦਰੋਹੀਆਂ ਨੂੰ ਹੋਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹਮਲਾ ਹੁਣ ਕੀਤਾ ਗਿਆ ਹੈ। ਅਮਰੀਕਾ ਅਤੇ ਬਿ੍ਰਟੇਨ ਵੱਲੋਂ ਹੂਤੀ ਵਿਦਰੋਹੀਆਂ ’ਤੇ ਹਵਾਈ ਹਮਲੇ ਕਰਨ ਤੋਂ ਬਾਅਦ ਅਮਰੀਕੀ ਨੇਵੀ ਨੇ ਅਮਰੀਕਾ ਦੇ ਝੰਡੇ ਵਾਲੇ ਜਹਾਜ਼ਾਂ ਨੂੰ ਅਗਲੇ 72 ਘੰਟਿਆਂ ਤੱਕ ਲਾਲ ਸਾਗਰ ਅਤੇ ਅਦਨ ਦੀ ਖਾੜੀ ’ਚ ਯਮਨ ਦੇ ਨੇੜੇ ਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ। ਅਮਰੀਕੀ ਫੌਜ ਅਤੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੂਤੀ ਪਲਟਵਾਰ ਕਰਨਗੇ।




