ਕੋਲਕਾਤਾ : ਪੱਛਮੀ ਬੰਗਾਲ ਦੇ ਗੰਗਾਸਾਗਰ ਮੇਲੇ ਲਈ ਜਾ ਰਹੇ ਤਿੰਨ ਸਾਧੂਆਂ ਨਾਲ ਭੀੜ ਨੇ ਕੁੱਟਮਾਰ ਕੀਤੀ। ਇਹ ਘਟਨਾ ਪੱਛਮੀ ਬੰਗਾਲ ਦੇ ਪੁਰਲੀਆ ਜ਼ਿਲ੍ਹੇ ’ਚ ਹੋਈ। ਸਾਧੂਆਂ ਦੇ ਨਾਲ ਜਾ ਰਹੇ ਇੱਕ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਨੇ ਮਕਰ ਸੰਕਰਾਂਤੀ ਤਿਉਹਾਰ ਲਈ ਗੰਗਾਸਾਗਰ ਪਹੁੰਚਣ ਲਈ ਇੱਕ ਗੱਡੀ ਕਿਰਾਏ ’ਤੇ ਲਈ ਸੀ। ਜਦੋਂ ਉਹਨਾਂ ਸਥਾਨਕ ਲੋਕਾਂ ਤੋਂ ਰਸਤਾ ਪੁੱਛਿਆ ਤਾਂ ਲੋਕਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਭੀੜ ਨੇ ਉਨ੍ਹਾਂ ’ਤੇ ਅਗਵਾ ਦਾ ਦੋਸ਼ ਲਾਇਆ। ਉਨ੍ਹਾਂ ਸਾਧੂਆਂ ਨਾਲ ਕੁੱਟਮਾਰ ਕੀਤੀ। ਸਾਧੂਆਂ ਨੇ ਤਿੰਨ ਲੜਕੀਆਂ ਤੋਂ ਰਸਤਾ ਪੁੱਛਿਆ ਸੀ। ਇਸ ਤੋਂ ਬਾਅਦ ਲੜਕੀਆਂ ਡਰ ਕੇ ਭੱਜ ਗਈਆਂ। ਇਸ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਸਾਧੂਆਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇੱਕ ਵੀਡੀਓ ’ਚ ਭੀੜ ਨੂੰ ਪੁਲਸ ਵਾਹਨ ਦੀ ਤੋੜਫੋੜ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਮਾਮਲਾ ਵਧਣ ’ਤੇ ਸਥਾਨਕ ਪੁਲਸ ਨੇ ਦਖ਼ਲ ਦਿੱਤਾ ਅਤੇ ਸਾਧੂਆਂ ਨੂੰ ਬਚਾਇਆ। ਪੁਰਲੀਆ ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਪੁਲਸ ਨੇ ਇਹ ਵੀ ਕਿਹਾ ਕਿ ਸਾਧੂ ਰਸਤਾ ਭਟਕ ਗਏ ਸਨ ਅਤੇ ਲੜਕੀਆਂ ਤੋਂ ਉਨ੍ਹਾਂ ਰਸਤਾ ਪੁੱਛਿਆ। ਉਨ੍ਹਾ ਦੱਸਿਆ ਕਿ ਲੜਕੀਆਂ ਡਰ ਗਈਆਂ ਅਤੇ ਭੱਜ ਗਈਆਂ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਅਨੁਮਾਨ ਲਾਇਆ ਕਿ ਸਾਧੂਆਂ ਨੇ ਲੜਕੀਆਂ ਨੂੰ ਪ੍ਰੇਸ਼ਾਨ ਕੀਤਾ ਹੋਵੇਗਾ। ਬਾਅਦ ’ਚ ਸਾਧੂਆਂ ਲਈ ਗੰਗਾਸਾਗਰ ਮੇਲੇ ਲਈ ਗੱਡੀ ਦੀ ਵਿਵਸਥਾ ਕੀਤੀ ਗਈ।





