ਨਵੀਂ ਦਿੱਲੀ : ਦਿੱਲੀ ’ਚ ਸ਼ਨੀਵਾਰ ਇਸ ਸਰਦੀ ਦੇ ਮੌਸਮ ਦੀ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ, ਜਿੱਥੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਸੰਘਣੀ ਧੁੰਦ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ। ਲੋਧੀ ਰੋਡ ਇਲਾਕੇ ’ਚ ਪਾਰਾ ਹੋਰ ਵੀ ਥੱਲੇ ਚਲਾ ਗਿਆ, ਇੱਥੇ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸੇ ਖ਼ਤਰਨਾਕ ਸੀਤ ਲਹਿਰ ਦੀ ਲਪੇਟ ’ਚ ਹਨ।
ਮੌਸਮ ਵਿਭਾਗ ਨੇ ਕਿਹਾ ਕਿ 16 ਜਨਵਰੀ ਤੱਕ 3-4 ਦਿਨਾਂ ਦੌਰਾਨ ਉਤਰ-ਪੱਛਮ ਭਾਰਤ ਦੇ ਕੁਝ ਹਿੱਸਿਆਂ ’ਚ ਸੰਘਣੀ ਧੰੁਦ ਅਤੇ ਸੀਤ ਲਹਿਰ ਦੀ ਸਥਿਤੀ ਘੱਟ ਹੋਣ ਦੀ ਸੰਭਾਵਨਾ ਨਹੀਂ। ਭਾਰਤੀ ਰੇਲਵੇ ਮੁਤਾਬਕ ਧੁੰਦ ਅਤੇ ਸੀਤ ਲਹਿਰ ਕਾਰਨ 18 ਰੇਲ ਗੱਡੀਆਂ ਕਈ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਧੁੰਦ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਪਿਆ ਹੈ।





