ਚੰਡੀਗੜ੍ਹ (ਗੁਰਜੀਤ ਬਿੱਲਾ)-ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਦੀਆਂ ਛੁੱਟੀਆਂ 21 ਜਨਵਰੀ ਤੱਕ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 15 ਜਨਵਰੀ ਤੋਂ ਰੈਗੂਲਰ ਤੌਰ ’ਤੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗਣਗੇ। ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮ 4 ਵਜੇ ਤੋਂ ਬਾਅਦ ਨਹੀਂ ਖੁੱਲ੍ਹੇਗਾ। ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ ਤੱਕ ਲਾਗੂ ਰਹਿਣਗੇ।
ਭਾਜਪਾ ਨੂੰ ਬਹੁਮਤ ਨਹੀਂ ਮਿਲਣ ਲੱਗਾ : ਥਰੂਰ
ਤਿਰੁਅਨੰਤਪੁਰਮ : ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਸਕਦੀ ਹੈ, ਪਰ ਉਸ ਦੀਆਂ ਸੀਟਾਂ ਏਨੀਆਂ ਘਟ ਜਾਣਗੀਆਂ ਕਿ ਉਸ ਦੀਆਂ ਸਹਿਯੋਗੀ ਪਾਰਟੀਆਂ ਉਸ ਨੂੰ ਹਮਾਇਤ ਦੇਣ ਲਈ ਤਿਆਰ ਨਾ ਹੋਣ। ਇਸ ਦੀ ਥਾਂ ਉਹ ਅਪੋਜ਼ੀਸ਼ਨ ਦੇ ਗੱਠਜੋੜ ਇੰਡੀਆ ਨੂੰ ਹਮਾਇਤ ਦੇਣ ਲਈ ਤਿਆਰ ਹੋ ਜਾਣ। ਉਹ ਕੇਰਲਾ ਸਾਹਿਤ ਸਮਾਰੋਹ ਵਿਚ ਬੋਲ ਰਹੇ ਸਨ।
ਸ੍ਰੀਲੰਕਾ ਨੇ 12 ਮਛੇਰੇ ਫੜੇ
ਕੋਲੰਬੋ : ਸ੍ਰੀਲੰਕਾ ਦੀ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਆਪਣੇ ਜਲ ਖੇਤਰ ’ਚ ਕਥਿਤ ਤੌਰ ’ਤੇ ਸ਼ਿਕਾਰ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕਰਕੇ ਉਨ੍ਹਾਂ ਦਾ ਸਾਮਾਨ ਵੀ ਜ਼ਬਤ ਕਰ ਲਿਆ। ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਕਾਂਕੇਸੰਤੁਰਾਈ ਬੰਦਰਗਾਹ ’ਤੇ ਲਿਜਾਇਆ ਗਿਆ। ਮਛੇਰਿਆਂ ਦਾ ਮੁੱਦਾ ਭਾਰਤ ਅਤੇ ਸ੍ਰੀਲੰਕਾ ਦੇ ਸੰਬੰਧਾਂ ’ਚ ਲੰਮੇ ਸਮੇਂ ਤੋਂ ਵਿਵਾਦਪੁੂਰਨ ਚਲਿਆ ਆ ਰਿਹਾ ਹੈ।
ਕੋਰੋਨਾ ਦੇ 375 ਨਵੇਂ ਮਾਮਲੇ
ਨਵੀਂ ਦਿੱਲੀ : ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 375 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਐਤਵਾਰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਕਰਨਾਟਕ ਤੋਂ ਦੋ ਮੌਤਾਂ ਦੀ ਖਬਰ ਹੈ। ਅਧਿਕਾਰਤ ਸਰੋਤ ਅਨੁਸਾਰ ਮੌਜੂਦਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੇ ਐੱਨ.1 ਵੈਰੀਐਂਟ ਦਾ ਕੋਈ ਜ਼ਿਆਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ, ਜਿਸ ਦੇ ਚਲਦਿਆਂ ਨਾ ਤਾਂ ਨਵੇਂ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਨਾ ਹੀ ਹਸਪਤਾਲ ’ਚ ਭਰਤੀ ਹੋਣ ਅਤੇ ਮੌਤ ਦਰ ਵਧੀ ਹੈ।