ਮਾਘੀ ਮੇਲੇ ’ਤੇ ਨਾਟ ਉਤਸਵ ’ਚ ਵਿਰਸੇ ਦੀ ਲੋਅ ਜਗਦੀ ਰੱਖਣ ਦਾ ਹੋਕਾ

0
177

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ, ਪਰਮਜੀਤ ਸਿੰਘ)-ਮਾਘੀ ਮੇਲੇ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਮੁਕਤਸਰ ਫਾਜ਼ਿਲਕਾ ਜ਼ੋਨ ਵੱਲੋਂ ਪੰਜਾਬ ਲੋਕ ਸੱਭਿਆਚਾਰਕ (ਪਲਸ ਮੰਚ) ਤੇ ਲੋਕ ਪੱਖੀ ਸੰਸਥਾਵਾਂ ਦੇ ਸਹਿਯੋਗ ਨਾਲ ਨਾਟਕਕਾਰ ਗੁਰਸ਼ਰਨ ਭਾਅ ਜੀ ਨੂੰ ਯਾਦ ਕਰਦਿਆਂ 25ਵਾਂ ਪ੍ਰਭਾਵਸ਼ਾਲੀ ਤਿੰਨ ਰੋਜ਼ਾ ਨਾਟ ਉਤਸਵ ਦਾ 40 ਮੁਕਤਿਆਂ, ਮਾਈ ਭਾਗੋ, ਦੁੱਲਾ ਭੱਟੀ ਨੂੰ ਸਿਜਦਾ ਕਰਦਿਆਂ ਆਗਾਜ਼ ਹੋਇਆ। ਤਿੰਨ ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਤਰਫੋਂ ਸਮਾਜਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਹੋਣ ਤੇ ਪੁਸਤਕ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ ਸੁਸਾਇਟੀ ਦੇ ਨੁਮਾਇੰਦੇ ਰਾਮ ਸਵਰਨ ਲੱਖੇਵਾਲੀ ਤੇ ਜ਼ੋਨ ਪ੍ਰਧਾਨ ਪ੍ਰਵੀਨ ਜੰਡ ਵਾਲਾ ਨੇ ਦਿੱਤਾ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਖਿਦਰਾਣੇ ਦੀ ਢਾਬ ਦੀ ਸਾਡੇ ਸਮਿਆਂ ਅੰਦਰ ਪ੍ਰਸੰਗਕਤਾ ਉਭਾਰਦੇ ਹੋਏ ਕਿਹਾ ਕਿ ਮਨੀਪੁਰ, ਪਹਿਲਵਾਨ ਕੁੜੀਆਂ, ਸ਼ਾਹੀਨ ਬਾਗ, ਆਦਿਵਾਸੀ ਤੇ ਦੇਸ਼ ਭਰ ਅੰਦਰ ਜੂਝਦੀਆਂ ਔਰਤਾਂ ਅਸਲ ’ਚ ਮਾਈ ਭਾਗੋ ਦੇ ਸਿਰਜੇ ਵਰਕਿਆਂ ਤੋਂ ਅੱਗੇ ਸਫ਼ਰ ਕਰ ਰਹੀਆਂ ਨੇ। ਉਨ੍ਹਾ ਖੇਤੀ, ਸਨਅਤ, ਸਿੱਖਿਆ, ਸਿਹਤ, ਰੁਜ਼ਗਾਰ ਤੇ ਜਮਹੂਰੀ ਹੱਕਾਂ ਦੇ ਫਿਕਰਾਂ ਦੀ ਗੱਲ ਕੀਤੀ। ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਵੱਲੋਂ ਗੁਰਦਿਆਲ ਰੌਸ਼ਨ ਤੇ ਅਮੋਲਕ ਸਿੰਘ ਦੀਆਂ ਲਿਖੀਆਂ ਕੋਰੀਓਗ੍ਰਾਫੀਆਂ ਤੋਂ ਇਲਾਵਾ ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਦਾ ਨਿਰਦੇਸ਼ਤ ਨਾਟਕ ‘ਚਿੜੀਆਂ ਦਾ ਚੰਬਾ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਲੋਕ ਸੰਗੀਤ ਮੰਡਲੀ ਜੀਦਾ (ਪਲਸ ਮੰਚ) ਦੇ ਜਗਸੀਰ ਜੀਦਾ ਵੱਲੋਂ ਲੋਕ ਬੋਲੀਆਂ ਤੇ ਸੁਖਦੇਵ ਮਲੂਕਪੁਰੀ ਵੱਲੋਂ ਤਰਕਸ਼ੀਲ ਸ਼ੋਅ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਮੰਚ ਨੂੰ ਗੁਰਸ਼ਰਨ ਸਿੰਘ, ਗਦਰੀ ਦੇਸ਼ ਭਗਤਾਂ, ਸ਼ਹੀਦ ਭਗਤ ਸਿੰਘ ਤੇ ਸਾਥੀਆਂ, ਅਰੁੰਧਤੀ ਰਾਏ ਦੀਆਂ ਲੋਕ ਭਲਾਈ ਦਾ ਸੁਨੇਹਾ ਦਿੰਦੀਆਂ ਤਸਵੀਰਾਂ ਨਾਲ ਅਤੇ ਵਿਗਿਆਨਕ ਤੇ ਤਰਕਸ਼ੀਲ ਟੂਕਾਂ ਨਾਲ ਸਜਾਇਆ ਗਿਆ। ਇਸ ਮੌਕੇ ਤਰਕਸ਼ੀਲ ਤੇ ਉਸਾਰੂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਤਰਕਸ਼ੀਲ ਕੈਲੰਡਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਮੇਲੇ ਦੀ ਸਫਲਤਾ ਲਈ ਜ਼ੋਨ ਆਗੂ ਬੂਟਾ ਸਿੰਘ ਵਾਕਫ, ਪਰਮਿੰਦਰ ਖੋਖਰ, ਗੁਰਮੀਤ ਭਲਵਾਨ, ਤਜਿੰਦਰ ਸੋਥਾ, ਜਗਦੀਸ਼ ਕਿੱਕਰ ਖੇੜਾ, ਸੰਜੇ ਕੁਮਾਰ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਜੀਵਨ ਸਿੰਘ, ਉਪਕਾਰ ਸਿੰਘ ਵੀ ਮੌਜੂਦ ਸਨ। ਇਹ ਮੇਲਾ 16 ਜਨਵਰੀ ਤੱਕ ਨਿਰੰਤਰ ਚੱਲੇਗਾ।

LEAVE A REPLY

Please enter your comment!
Please enter your name here