ਮੁੰਬਈ : ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਨੇ ਐਤਵਾਰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਦੱਖਣੀ ਮੁੰਬਈ ਸੀਟ ਤੋਂ ਲੋਕ ਸਭਾ ਦੇ ਸਾਬਕਾ ਮੈਂਬਰ ਦੇਵੜਾ ਨੇ ਸੋਸ਼ਲ ਮੀਡੀਆ ਮੰਚ ਐੱਕਸ ’ਤੇ ਲਿਖਿਆਅੱਜ ਮੇਰੀ ਸਿਆਸੀ ਯਾਤਰਾ ਦੇ ਇਕ ਮਹੱਤਵਪੂਰਨ ਪੰਨੇ ਦਾ ਅੰਤ ਹੋ ਗਿਆ। ਮੈਂ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਪਾਰਟੀ ਨਾਲ ਮੇਰੇ ਪਰਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ। ਮੈਂ ਸਾਲਾਂਬੱਧੀ ਸਮਰਥਨ ਦੇਣ ਵਾਲੇ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦੀ ਰਹਾਂਗਾ।
ਇਸ ਮਗਰੋਂ ਉਨ੍ਹਾ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ ’ਚ ਮੱਥਾ ਟੇਕਿਆ ਤੇ ਫਿਰ ਸ਼ਿਵ ਸੈਨਾ (ਸ਼ਿੰਦੇ) ਵਿਚ ਸ਼ਾਮਲ ਹੋ ਗਏ। ਦੇਵੜਾ ਇਸ ਗੱਲੋਂ ਔਖੇ ਸਨ ਕਿ ਇੰਡੀਆ ਗੱਠਜੋੜ ਵਿਚ ਸ਼ਾਮਲ ਸ਼ਿਵ ਸੈਨਾ (ਠਾਕਰੇ) ਦੱਖਣੀ ਮੁੰਬਈ ਸੀਟ ’ਤੇ ਦਾਅਵਾ ਕਰ ਰਹੀ ਹੈ। ਦੇਵੜਾ ਇਸ ਸੀਟ ਤੋਂ 2004 ਤੇ 2009 ਵਿਚ ਜਿੱਤੇ ਸਨ, ਪਰ 2014 ਤੇ 2019 ਵਿਚ ਹਾਰ ਗਏ ਸਨ।
‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਆਪਣੇ ਸੀਨੀਅਰ ਆਗੂ ਮਿਲਿੰਦ ਦੇਵੜਾ ਦੇ ਅਸਤੀਫਾ ਦੇਣ ’ਤੇ ਕਾਂਗਰਸ ਨੇ ਪ੍ਰਤੀਕਰਮ ਦਿੰਦਿਆਂ ਦੋਸ਼ ਲਗਾਇਆ ਕਿ ਉਨ੍ਹਾ ਦੇ ਪਾਰਟੀ ਛੱਡਣ ਦੇ ਐਲਾਨ ਦਾ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੈਅ ਕੀਤਾ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਦੇਵੜਾ ਨੇ ਸ਼ੁੱਕਰਵਾਰ ਨੂੰ ਉਨ੍ਹਾ ਨਾਲ ਫੋਨ ’ਤੇ ਗੱਲ ਕੀਤੀ ਸੀ। ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ ਸਨ। ਜੋ ਸਪੱਸ਼ਟ ਤੌਰ ’ਤੇ ਮਜ਼ਾਕ ਸੀ ਅਤੇ ਅਸਲ ’ਚ ਉਨ੍ਹਾ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਸੀ।
ਇਸੇ ਦੌਰਾਨ ਜੈਰਾਮ ਰਮੇਸ਼ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਟਾਈਗਰ ਜ਼ਿੰਦਾ ਹੈ ਅਤੇ ਵਿਰੋਧੀ ਗਠਜੋੜ ਇੰਡੀਆ 2004 ਦਾ ਇਤਿਹਾਸ ਦੁਹਰਾਏਗਾ। ਉਨ੍ਹਾ ਕਿਹਾ ਕਿ 2004 ’ਚ ਸ਼ਾਈਨਿੰਗ ਇੰਡੀਆ ਮੁਹਿੰਮ ਦੇ ਬਾਵਜੂਦ ਭਾਜਪਾ ਨੂੰ ਹਾਰ ਮਿਲੀ ਸੀ। ਉਨ੍ਹਾ ਕਿਹਾ ਕਿ ਸਿਰਫ ਮਜ਼ਬੂਤ ਕਾਂਗਰਸ ਹੀ ਮਜ਼ਬੂਤ ਵਿਰੋਧੀ ਧਿਰ ਬਣਾ ਸਕਦੀ ਹੈ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ‘ਭਾਰਤ ਜੋੜੋ ਨਿਆਏ ਯਾਤਰਾ’ ਕੱਢੀ ਜਾ ਰਹੀ ਹੈ।





