ਅੱਡਾ ਝਬਾਲ ਦੇ ਸਰਪੰਚ ਦੀ ਸੈਲੂਨ ਵਿੱਚ ਹੱਤਿਆ

0
211

ਝਬਾਲ (ਹਰਜਿੰਦਰ
ਸਿੰਘ ਸੋਨੀ)
ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ (ਸੋਨੂੰ ਚੀਮਾ) ਪੁੱਤਰ ਪੁਰਸ਼ੋਤਮ ਕੁਮਾਰ ਨੂੰ ਐਤਵਾਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਉਹ ਸਵੇਰੇ 9 ਕੁ ਵਜੇ ਵਾਲਾਂ ਦੀ ਕਟਿੰਗ ਕਰਵਾ ਰਿਹਾ ਸੀ, ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੁਕਾਨ ’ਚ ਸਰਪੰਚ ਨੂੰ ਗੋਲੀਆਂ ਮਾਰ ਕੇ ਬਾਹਰ ਖੜ੍ਹੇ ਸਾਥੀ ਨਾਲ ਫਰਾਰ ਹੋ ਗਿਆ। ਗੰਭੀਰ ਜ਼ਖਮੀ ਸਰਪੰਚ ਨੂੰ ਅੰਮਿ੍ਰਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਦੀ ਜਰਮਨੀ ’ਚ ਰਹਿਣ ਵਾਲੇ ਅੰਮਿ੍ਰਤਪਾਲ ਬਾਠ ਨਾਲ ਰੰਜ਼ਿਸ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁਕ ’ਤੇ ਧਮਕੀਆਂ ਮਿਲੀਆਂ ਸਨ।
ਸੋਨੂੰ ਚੀਮਾ ਦੀ ਮੌਤ ਦੀ ਖਬਰ ਸੁਣ ਕੇ ਕਸਬਾ ਝਬਾਲ ਵਿੱਚ ਮਾਤਮ ਛਾ ਗਿਆ ਅਤੇ ਸਮੂਹ ਅੱਡਾ ਝਬਾਲ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ। ਐੱਸ ਐੱਸ ਪੀ ਅਸ਼ਵਨੀ ਕਪੂਰ, ਡੀ ਐੱਸ ਪੀ (ਸਿਟੀ) ਤਰਸੇਮ ਮਸੀਹ, ਥਾਣਾ ਮੁਖੀ ਝਬਾਲ ਇੰਸਪੈਕਟਰ ਹਰਿੰਦਰ ਸਿੰਘ, ਥਾਣਾ ਮੁਖੀ ਸਰਾਏ ਅਮਾਨਤ ਖਾਂ ਬਲਜਿੰਦਰ ਸਿੰਘ ਬਾਜਵਾ ਭਾਰੀ ਪੁਲਸ ਫੋਰਸ ਨਾਲ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸੀ ਸੀ ਟੀ ਵੀ ਕੈਮਰਿਆਂ ਅਤੇ ਸੋਨੂੰ ਚੀਮਾ ਦੇ ਫੋਨ ਕਾਲ ਦੀ ਡਿਟੇਲ ਖੰਗਾਲ ਕੇ ਹਤਿਆਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ। ਸੋਨੂੰ ਚੀਮਾ ਆਪਣੇ ਪਿੱਛੇ ਪਤਨੀ ਸਾਕਸ਼ੀ ਖੁੱਲਰ, ਪੁੱਤਰ ਵਿਕਰਮ ਖੁੱਲਰ, ਪੁੱਤਰੀ ਗ਼ਜ਼ਲ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਏ ਹਨ। ਪਤਨੀ ਤੇ ਪੁੱਤਰੀ ਗ਼ਜ਼ਲ ਖੁੱਲਰ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here