ਨਵੀਂ ਦਿੱਲੀ : ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ’ਚ ਐਤਵਾਰ ਸਵੇਰ ਧੁੰਦ ਦੀ ਪਰਤ ਛਾਈ ਰਹੀ ਅਤੇ ਕਈ ਥਾਵਾਂ ’ਤੇ ਦੇਖਣ ਸਮਰੱਥਾ ਦਾ ਪੱਧਰ ਜ਼ੀਰੋ ਮੀਟਰ ਤੱਕ ਡਿੱਗ ਗਿਆ। ਭਾਰਤੀ ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਪਹੁੰਚਣ ਵਾਲੀਆਂ 22 ਗੱਡੀਆਂ ਦੀ ਸਮਾਂ-ਸਾਰਣੀ ਪ੍ਰਭਾਵਤ ਹੋਈ ਹੈ। ਸੈਟੇਲਾਈਟ ਚਿੱਤਰਾਂ ਤੋਂ ਪੰਜਾਬ ਅਤੇ ਉੱਤਰੀ ਰਾਜਸਥਾਨ ਤੋਂ ਉੱਤਰ-ਪੂਰਬ ਤੱਕ ਸੰਘਣੀ ਧੁੰਦ ਦੀ ਇੱਕ ਪਰਤ ਦਿਖਾਈ ਦਿੱਤੀ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਸਨਿੱਚਰਵਾਰ ਰਾਤ 10 ਵਜੇ ਤੋਂ ਸੰਘਣੀ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ’ਤੇ ਐਤਵਾਰ ਸਵੇਰੇ ਖਰਾਬ ਮੌਸਮ ਕਾਰਨ 7 ਉਡਾਣਾਂ ਨੂੰ ਤਬਦੀਲ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਵੇਰੇ 4.30 ਤੋਂ ਸਵੇਰੇ 7.30 ਵਜੇ ਵਿਚਕਾਰ ਛੇ ਉਡਾਣਾਂ ਨੂੰ ਜੈਪੁਰ ਅਤੇ ਇੱਕ ਨੂੰ ਮੁੰਬਈ ਵੱਲ ਮੋੜਿਆ ਗਿਆ। ਬੇਂਗਲੁਰੂ ਦੇ ਖੇਮਪੇਗੌਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖਰਾਬ ਮੌਸਮ ਕਾਰਨ ਐਤਵਾਰ ਨੂੰ 44 ਜਹਾਜ਼ ਦੇਰੀ ਨਾਲ ਉੱਡੇ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਧੁੰਦ ਦੀ ਇੱਕ ਮੋਟੀ ਪਰਤ ਨੇ ਸ਼ਹਿਰ ਦੇ ਹਵਾਈ ਅੱਡੇ ’ਤੇ ਕੁਝ ਜਹਾਜ਼ਾਂ ਦੇ ਉਤਰਨ ’ਚ ਦੇਰੀ ਕੀਤੀ।





