ਅਡਾਨੀਆਂ, ਅੰਬਾਨੀਆਂ ਦੇ ਦਲਾਲ ਕੇਂਦਰੀ ਹਾਕਮਾਂ ਦੀ ਇੱਟ ਨਾਲ ਇੱਟ ਖੜਕਾਉਣ ਦਾ ਸੱਦਾ

0
169

ਮੋਗਾ : ਇਤਿਹਾਸਕ ਧਰਤੀ ਤਖਤੂਪੁਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਰਾਜਸੀ ਕਾਨਫਰੰਸ ਕੀਤੀ ਗਈ। ਜ਼ਿਲ੍ਹਾ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਜੁਗਿੰਦਰ ਸਿੰਘ ਤਖਤੂਪੁਰਾ, ਸਤਵੰਤ ਸਿੰਘ ਖੋਟੇ ਅਤੇ ਸ਼ੇਰ ਸਿੰਘ ਦੌਲਤਪੁਰਾ ’ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਜਗਰੂਪ ਸਿੰਘ ਕੌਮੀ ਕੌਂਸਲ ਮੈਂਬਰ ਭਾਰਤੀ ਕਮਿਊਨਿਸਟ ਪਾਰਟੀ, ਜਗਜੀਤ ਸਿੰਘ ਮੈਂਬਰ ਕੰਟਰੋਲ ਕਮਿਸ਼ਨ ਸੀ ਪੀ ਆਈ, ਕੁਲਦੀਪ ਸਿੰਘ ਭੋਲਾ ਜ਼ਿਲਾ ਸਕੱਤਰ ਮੋਗਾ, ਸੁਖਜਿੰਦਰ ਮਹੇਸਰੀ ਕੌਮੀ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ, ਜਗਦੀਸ਼ ਸਿੰਘ ਚਾਹਲ ਸੂਬਾ ਕੌਂਸਲ ਮੈਂਬਰ, ਸ਼ੇਰ ਸਿੰਘ ਦੌਲਤਪੁਰਾ ਸੂਬਾ ਕੌਂਸਲ ਮੈਂਬਰ, ਸਬਰਾਜ ਸਿੰਘ ਢੁੱਡੀਕੇ, ਕਰਮਵੀਰ ਕੌਰ ਬੱਧਨੀ ਜ਼ਿਲ੍ਹਾ ਸਕੱਤਰ ਪੰਜਾਬ ਇਸਤਰੀ ਸਭਾ, ਜਗਸੀਰ ਖੋਸਾ ਸੂਬਾ ਜਨਰਲ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਮਹਿੰਦਰ ਸਿੰਘ ਧੂੜਕੋਟ ਤੇ ਜਸਪ੍ਰੀਤ ਕੌਰ ਬੱਧਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਿੱਥੇ ਦੇਸ਼ ਅੰਦਰ ਸੱਤਾਧਾਰੀ ਮੋਦੀ ਸਰਕਾਰ ਵੱਲੋਂ ਵੰਡਵਾਦੀ ਨਾਅਰਿਆਂ ਰਾਹੀਂ ਲੋਕਾਂ ਦੀ ਭਾਈਚਾਰਕ ਸਾਂਝ ਤੋੜਨ ਦੀਆਂ ਸਾਜ਼ਿਸਾਂ ਰਚੀਆਂ ਜਾ ਰਹੀਆਂ, ਉੱਥੇ ਲੋਕ ਵਿਰੋਧੀ ਨੀਤੀਆਂ ਰਾਹੀਂ ਆਰਥਕ ਤੌਰ ’ਤੇ ਕਿਰਤੀ ਲੋਕਾਂ ਨੂੰ ਲੁੱਟਿਆ ਅਤੇ ਕਾਰਪੋਰੇਟ ਘਰਾਣਿਆਂ (ਅਡਾਨੀਆਂ, ਅੰਬਾਨੀਆਂ) ਦੇ ਖ਼ਜ਼ਾਨੇ ਭਰੇ ਜਾ ਰਹੇ ਹਨ। ਦੇਸ਼ ਦੀ ਕੁਲ ਦੌਲਤ ਦਾ 86 ਫੀਸਦੀ ਹਿੱਸਾ ਚੌਦਾਂ ਟੱਬਰਾਂ ਕੋਲ ਇਕੱਠਾ ਹੋ ਗਿਆ ਹੈ। ਕਿਰਤ ਕਰਕੇ ਅਨਾਜ ਅਤੇ ਮਨੁੱਖੀ ਲੋੜਾਂ ਦੀਆਂ ਕੁਲ ਚੀਜ਼ਾਂ ਪੈਦਾ ਕਰਨ ਵਾਲੇ ਕਿਰਤੀ ਕਿਸਾਨ, ਮਜ਼ਦੂਰਾਂ ਕੋਲ ਸਿਰਫ 14 ਫੀਸਦੀ ਹਿੱਸਾ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਲੋਕ ਕਰਜ਼ੇ ਚੁੱਕ ਕੇ ਵਿੱਦਿਆ, ਇਲਾਜ, ਘਰ ਆਦਿ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਜਬੂਰ ਹਨ। ਦਰਮਿਆਨੇ ਵਰਗ ਸਮੇਤ ਪੇਂਡੂ ਮਜ਼ਦੂਰ ਗਰੀਬ ਕਿਸਾਨ, ਔਰਤਾਂ ਤੱਕ ਨੂੰ ਵਿਆਜੂ ਪੈਸੇ (ਫਾਇਨਾਂਸ ਕੈਪੀਟਲ) ਨੇ ਆਪਣੇ ਜਾਲ ਵਿੱਚ ਫਸਾ ਲਿਆ ਹੈ। ਪੰਜਾਬ ਸਰਕਾਰ ਜੁਮਲੇਬਾਜ਼ੀ ਕਰਦਿਆਂ ਲੁਕਵੇਂ ਢੰਗ ਨਾਲ ਕੰਮ ਦੇ ਘੰਟੇ ਅੱਠ ਤੋਂ ਬਾਰਾਂ ਕਰਕੇ ਮਹਿਕਮਿਆਂ, ਫੈਕਟਰੀਆਂ, ਵੱਡੀਆਂ ਢੇਰੀਆਂ/ ਜ਼ਮੀਨਾਂ ਉੱਤੇ ਕਾਬਜ਼ ਕਾਰਪੋਰੇਟ ਘਰਾਣਿਆਂ ਲਈ ਕਾਮਿਆਂ ਨੂੰ ਲੁੱਟਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਆਗੂਆਂ ਕਿਹਾ ਕਿ ਸਿਆਸੀ ਹਾਲਾਤ ਮੰਗ ਕਰ ਰਹੇ ਹਨ ਕਿ ਸਾਰੀਆਂ ਸਿਆਸੀ ਧਿਰਾਂ ਗਠਜੋੜ ਕਰਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਦੇਸ਼ ਅੰਦਰ ਜਮਹੂਰੀਅਤ ਦੀ ਮਜ਼ਬੂਤੀ ਲਈ ਆਪਣਾ ਰੋਲ ਅਦਾ ਕਰਨ। ਸੁਆਗਤਯੋਗ ਹੈ ਕਿ ਇਸੇ ਦਿਸ਼ਾ ਵਿੱਚ ਦੇਸ਼ ਅੰਦਰ ਆਈ ਐੱਨ ਡੀ ਆਈ ਏ (ਇੰਡੀਆ) ਨਾਂਅ ਹੇਠ ਮੋਰਚਾ ਮੱਲਿਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਮੇਲਾ ਮਾਘੀ ਦਾ ਵੀ ਇਹੋ ਸੁਨੇਹਾ ਹੈ ਕਿ ਆਓ ਜਿਵੇਂ ਗੁਰੂ ਸਾਹਿਬ ਨੇ ਚਮਕੌਰ ਦੀ ਇੱਟ ਨਾਲ ਖੜਕਾਈ ਸੀ, ਉਸੇ ਤਰਾਂ ਅਡਾਨੀਆਂ, ਅੰਬਾਨੀਆਂ ਦੇ ਦਲਾਲ ਕੇਂਦਰੀ ਹਾਕਮਾਂ ਦੀ ਇੱਟ ਨਾਲ ਇੱਟ ਖੜਕਾਈ ਜਾਵੇ। ਇਸ ਮੌਕੇ ਕਰਮਵੀਰ ਕੌਰ ਬੱਧਨੀ ਜ਼ਿਲ੍ਹਾ ਸਕੱਤਰ ਪੰਜਾਬ ਇਸਤਰੀ ਸਭਾ, ਹਰਭਜਨ ਸਿੰਘ ਬਿਲਾਸਪੁਰ, ਡਾ. ਇੰਦਰਵੀਰ ਗਿੱਲ, ਜਗਸੀਰ ਸਿੰਘ ਧੂੜਕੋਟ, ਬਲਕਰਨ ਸਿੰਘ ਨਿਹਾਲ ਸਿੰਘ ਵਾਲਾ, ਬੂਟਾ ਸਿੰਘ ਰਾਊਕੇ, ਇੰਦਰਜੀਤ ਸਿੰਘ ਦੀਨਾ, ਬਲਵਿੰਦਰ ਸੈਕਟਰੀ ਬਹੋਨਾ, ਲਵਪ੍ਰੀਤ ਬਿਲਾਸਪੁਰ, ਇਕਬਾਲ ਤਖਾਣਵੱਧ, ਬੋਹੜ ਸਿੰਘ ਬੁੱਟਰ, ਗੁਰਪ੍ਰੀਤ ਕੌਰ ਬੀੜ ਰਾਊਕੇ, ਅਮਨਦੀਪ ਸਿੰਘ ਬੀੜ ਰਾਊਕੇ, ਰਘਵੀਰ ਸਿੰਘ ਰਣਸੀਂਹ ਕਲਾਂ ਆਦਿ ਆਗੂ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਦਿੱਤ ਸਿੰਘ ਦੀਨਾ ਨੇ ਨਿਭਾਈ। ਇਪਟਾ ਮੋਗਾ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਇਕਬਾਲ ਸਿੰਘ ਭਾਗੀਕੇ ਦੇ ਜਥਿਆਂ ਇਨਕਲਾਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।

LEAVE A REPLY

Please enter your comment!
Please enter your name here