‘ਇੰਡੀਆ’ ਤੋਂ ਡਰੀ ਭਾਜਪਾ

0
103

ਚੰਡੀਗੜ੍ਹ (ਗੁਰਜੀਤ ਬਿੱਲਾ)
ਇੰਡੀਆ ਗਠਜੋੜ ਅਤੇ ਭਾਜਪਾ ਵਿਚਾਲੇ ਪਹਿਲੀ ਵੱਡੀ ਲੜਾਈ ਵਜੋਂ ਦੇਖੀਆਂ ਜਾ ਰਹੀਆਂ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਨੂੰ ਵੀਰਵਾਰ ਮੁਲਤਵੀ ਕਰ ਦਿੱਤਾ ਗਿਆ। ਸਵੇਰੇ 11 ਵਜੇ ਤੋਂ ਚੋਣਾਂ ਹੋਣੀਆਂ ਸਨ, ਪਰ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦੀ ਸਿਹਤ ਖਰਾਬ ਹੋਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ।
ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਮੁਕਾਬਲਾ ਹੈ। ਚੋਣ ਰੱਦ ਕਰਨ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਖਤ ਵਿਰੋਧ ਕੀਤਾ।
ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ, ਕੌਂਸਲਰਾਂ ਤੇ ਵਰਕਰਾਂ ਨੇ ਨਗਰ ਨਿਗਮ ਦੀ ਇਮਾਰਤ ਦੇ ਬਾਹਰ ਭਾਜਪਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਆਪਣੀ ਹਾਰ ਨਜ਼ਰ ਆਉਣ ਤੋਂ ਬਾਅਦ ਤਾਕਤ ਦੀ ਦੁਰਵਰਤੋਂ ਕੀਤੀ ਹੈ। ਦੂਜੇ ਪਾਸੇ ਸੁਰੱਖਿਆ ਕਾਰਨਾਂ ਕਰਕੇ ਹਰ ਕਿਸੇ ਨੂੰ ਨਗਰ ਨਿਗਮ ਦੀ ਇਮਾਰਤ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਚੰਡੀਗੜ੍ਹ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਵੀ ਮੌਕੇ ’ਤੇ ਮੌਜੂਦ ਸੀ। ਪੁਲਸ ਨੇ ਨਿਗਮ ਭਵਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਆਮ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ।
ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਦੇ ਸਾਬਕਾ ਲੋਕ ਸਭਾ ਮੈਂਬਰ ਪਵਨ ਬਾਂਸਲ ਨੇ ਕਿਹਾ ਕਿ ਉਹ ਹਾਈ ਕੋਰਟ ਜਾਣਗੇ। ਆਮ ਆਦਮੀ ਪਾਰਟੀ (ਆਪ) ਨੇ ਚੋਣਾਂ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਕਰਨ ਲਈ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਹਮਲਾ ਕੀਤਾ ਹੈ, ਜਿਸ ਵਿਚ ਇੰਡੀਆ ਗਠਜੋੜ ਸਪੱਸ਼ਟ ਤੌਰ ’ਤੇ ਜਿੱਤ ਰਿਹਾ ਹੈ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਟੱਲ ਹਾਰ ਦੇ ਡਰੋਂ ਚੁੱਕੇ ਗਏ ਗੈਰ-ਜਮਹੂਰੀ ਕਦਮ ਕਰਾਰ ਦਿੱਤਾ ਹੈ।
‘ਆਪ’ ਆਗੂਆਂ ਕਿਹਾ ਕਿ ਭਾਜਪਾ ਇੰਡੀਆ ਗਠਜੋੜ ਦੀ ਤਾਕਤ ਤੋਂ ਨਿਰਾਸ਼ ਹੈ ਅਤੇ ਉਹ ਗਠਜੋੜ ਦੇ ਹੱਥੋਂ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਨਹੀ। ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਜਿਹੜਾ ਵੀ ਇਹ ਸਮਝਦਾ ਹੈ ਕਿ ਭਾਜਪਾ ਨੂੰ ਹਰਾਉਣਾ ਔਖਾ ਹੈ, ਉਹ ਅੱਜ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਹਾਲਤ ਦੇਖ ਸਕਦਾ ਹੈ। ਉਹ ਹਾਰਨ ਤੋਂ ਏਨੇ ਡਰੇ ਹੋਏ ਹਨ ਕਿ ਚੋਣਾਂ ਤੋਂ ਭੱਜ ਰਹੇ ਹਨ। ‘ਆਪ’ ਅਤੇ ਕਾਂਗਰਸ ਦੇ ਗਠਜੋੜ ਤੋਂ ਬਾਅਦ ਭਾਜਪਾ ਇਸ ਚੋਣ ਨੂੰ ਰੱਦ ਕਰਨਾ ਚਾਹੁੰਦੀ ਹੈ। ਹੁਣ ਪੂਰਾ ਦੇਸ਼ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜਲਦੀ ਹੀ ਅਸੀਂ ਇਸ ਤੋਂ ਛੁਟਕਾਰਾ ਪਾ ਲਵਾਂਗੇ।
ਭਾਜਪਾ ਦੀਆਂ ਚਾਲਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜ ਸਭਾ ਮੈਂਬਰ ਅਤੇ ‘ਆਪ’ ਦੇ ਸੀਨੀਅਰ ਆਗੂ ਡਾ. ਸੰਦੀਪ ਪਾਠਕ ਨੇ ਆਪਣੇ ਐੱਕਸ ’ਤੇ ਲਿਖਿਆਆਪਣੀ ਹਾਰ ਨੂੰ ਦੇਖਦੇ ਹੋਏ ਭਾਜਪਾ ਨੇ ਚੰਡੀਗੜ੍ਹ ’ਚ ਆਪਣੀਆਂ ਗੰਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਸਾਡੇ ਦੇਸ਼ ਵਿੱਚ ਅਜਿਹੀ ਚੋਣ ਪ੍ਰਣਾਲੀ ਹੈ ਤਾਂ ਇਹ ਬਹੁਤ ਨਿਰਾਸ਼ਾਜਨਕ ਹੈ। ਭਾਜਪਾ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਮੁਲਤਵੀ ਕਰਨ ਦੀ ਪੂਰੀ ਕੋਸ਼ਿਸ਼੍ਯ ਕਰ ਰਹੀ ਹੈ, ਪਰ ਉਹ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ ਵੀ ਚੋਣਾਂ ਵਿੱਚ ਇਸ ਗੈਰ-ਜਮਹੂਰੀ ਦਖਲਅੰਦਾਜ਼ੀ ਲਈ ਭਾਜਪਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਫੋਬੀਆ ਹੈ, ਉਹ ਲੋਕਤੰਤਰ, ਆਜ਼ਾਦ ਅਤੇ ਨਿਰਪੱਖ ਚੋਣਾਂ ਤੋਂ ਡਰਦੀ ਹੈ। ਭਾਜਪਾ ਇੰਡੀਆ ਗਠਜੋੜ ਦੀ ਜਿੱਤ ਤੋਂ ਡਰੀ ਹੋਈ ਹੈ। ‘ਆਪ’ ਆਗੂ ਨੇ ਕਿਹਾ ਕਿ ਕੁਲ 36 ਵਿੱਚੋਂ 20 ਵੋਟਾਂ ਉਸ ਦੇ ਹੱਕ ਵਿੱਚ ਪੈਣ ਨਾਲ ਇੰਡੀਆ ਗਠਜੋੜ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਜਿੱਤਣ ਲਈ ਤਿਆਰ ਹੈ। ਭਾਜਪਾ ਦੀਆਂ ਗੰਦੀਆਂ ਕਰਤੂਤਾਂ ਕਾਰਨ ਵਿਭਾਗ ਨੂੰ ਓਵਰਟਾਈਮ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਲਈ ਪਹਿਲਾਂ ਚੋਣ ਸਕੱਤਰ ਬਿਮਾਰ ਪਏ ਅਤੇ ਹੁਣ ਪ੍ਰੀਜ਼ਾਇਡਿੰਗ ਅਫਸਰ ਵੀ ਬਿਮਾਰ ਹੋ ਗਏ ਹਨ। ਭਾਜਪਾ ਚੋਣਾਂ ਨੂੰ ਮੁਲਤਵੀ ਕਰਨ ਦੀਆਂ ਚਾਲਾਂ ਖੇਡ ਰਹੀ ਹੈ। ਚੱਢਾ ਨੇ ਕਿਹਾ ਕਿ ਚੋਣਾਂ ਨੂੰ ਮੁਲਤਵੀ ਕਰਨ ਦੀ ਇਹ ਜਾਣਬੁੱਝ ਕੇ ਕੀਤੀ ਜਾ ਰਹੀ ਕੋਸ਼ਿਸ਼ ਇਸ ਗੱਲ ਦਾ ਇੱਕ ਅਸਵੀਕਾਰ ਸਬੂਤ ਹੈ ਕਿ ਭਾਜਪਾ ਬਿਨਾਂ ਸ਼ੱਕ ਇੰਡੀਆ ਗਠਜੋੜ ਤੋਂ ਡਰਦੀ ਹੈ। ਉਨ੍ਹਾ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਉਸ ਅਸੰਤੁਸ਼ਟ ਬੱਚੇ ਦੀ ਤਰ੍ਹਾਂ ਹੈ, ਜੋ ਗਲੀ ਕਿ੍ਰਕਟ ’ਚ ਆਉਟ ਹੋਣ ’ਤੇ ਬੱਲਾ ਖੋਹ ਕੇ ਖੇਡ ਨੂੰ ਖਤਮ ਕਰਨ ਦਾ ਐਲਾਨ ਕਰ ਦਿੰਦਾ ਹੈ। ਚੱਢਾ ਨੇ ਸਵਾਲ ਕੀਤਾਕੀ ਸਾਡਾ ਲੋਕਤੰਤਰ ਏਨਾ ਕਮਜ਼ੋਰ ਹੈ ਕਿ ਚੋਣਾਂ ਉਦੋਂ ਹੀ ਹੋਣਗੀਆਂ, ਜਦੋਂ ਭਾਜਪਾ ਜਿੱਤਦੀ ਹੈ ਅਤੇ ਜੇਕਰ ਭਾਜਪਾ ਹਾਰਦੀ ਹੈ ਤਾਂ ਚੋਣਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ।
ਉਨ੍ਹਾ ਕਿਹਾ ਕਿ ਇਹ ਇੰਡੀਆ ਗਠਜੋੜ ਅਤੇ ਭਾਜਪਾ ਵਿਚਕਾਰ ਮੁਕਾਬਲਾ ਹੈ ਅਤੇ ਇੰਡੀਆ ਗਠਜੋੜ ਇਸ ਵਿੱਚ ਸਪੱਸ਼ਟ ਜਿੱਤ ਪ੍ਰਾਪਤ ਕਰ ਰਿਹਾ ਹੈ, ਪਰ ਕੀ ਹਾਰ ਦੇ ਡਰ ਕਾਰਨ ਚੋਣ ਰੱਦ ਕਰਕੇ ਭਾਜਪਾ ਇਸ ਦੇਸ਼ ਨੂੰ ਉੱਤਰੀ ਕੋਰੀਆ ਵਿੱਚ ਬਦਲਣਾ ਚਾਹੁੰਦੀ ਹੈ? ਉਨ੍ਹਾ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਹੈ, ਪਰ ਜੇਕਰ ਇੰਡੀਆ ਗਠਜੋੜ ਇਸੇ ਤਰ੍ਹਾਂ ਇਕਜੁੱਟ ਹੋ ਕੇ ਲੜਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਭਾਜਪਾ ਦਾ ਸੱਤਾ ਤੋਂ ਸਫਾਇਆ ਹੋ ਜਾਵੇਗਾ। ਉਨ੍ਹਾ ਲੋਕਾਂ ਨੂੰ ਬੇਨਤੀ ਕੀਤੀ ਕਿ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਇਸ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੈ। ਜੇਕਰ ਭਾਜਪਾ ਜਾਰੀ ਰਹੀ ਤਾਂ ਇਹ ਭਾਰਤ ਨੂੰ ਉੱਤਰੀ ਕੋਰੀਆ ਬਣਾ ਦੇਵੇਗੀ।
ਉਨ੍ਹਾ ਕਿਹਾ ਕਿ ਮੇਅਰ ਦੀ ਚੋਣ ਨਿਰਪੱਖ ਢੰਗ ਨਾਲ ਕਰਵਾਉਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕਰਨਗੇ। ਨਾਲ ਹੀ, ਅਸੀਂ ਚੋਣ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜੇਕਰ ਇੱਕ ਪ੍ਰੀਜ਼ਾਇਡਿੰਗ ਅਫਸਰ ਬਿਮਾਰ ਹੋ ਜਾਂਦਾ ਹੈ ਤਾਂ ਤੁਸੀਂ ਦੂਜਾ ਪ੍ਰੀਜ਼ਾਇਡਿੰਗ ਅਫਸਰ ਨਿਯੁਕਤ ਕਰੋ। ਉਹ ਜਿਸ ਨੂੰ ਚਾਹੁਣ ਨਿਯੁਕਤ ਕਰ ਸਕਦੇ ਹਨ, ਪਰ ਚੋਣਾਂ ਅੱਜ ਹੋਣੀਆਂ ਸਨ, ਇਸ ਲਈ ਅੱਜ ਹੀ ਹੋਣੀਆਂ ਚਾਹੀਦੀਆਂ ਹਨ।
ਚੱਢਾ ਨੇ ਕਿਹਾ ਕਿ ਇਹ ਸਿਰਫ ਮੇਅਰ ਦੀ ਚੋਣ ਹੈ ਅਤੇ ਭਾਜਪਾ ਇੰਡੀਆ ਗਠਜੋੜ ਤੋਂ ਪਹਿਲਾਂ ਹੀ ਡਰ ਗਈ। ਜ਼ਰਾ ਕਲਪਨਾ ਕਰੋ ਕਿ ਜਦੋਂ ਉਹ 2024 ਦੀਆਂ ਆਮ ਚੋਣਾਂ ਵਿੱਚ ਇੰਡੀਆ ਦਾ ਸਾਹਮਣਾ ਕਰੇਗੀ ਤਾਂ ਕੀ ਹੋਵੇਗਾ।
ਭਾਰਤੀ ਜਨਤਾ ਪਾਰਟੀ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਹਰ ਸੰਭਵ ਚਾਲ ਵਰਤੇਗੀ। ਇਸ ਲਈ ਦੇਸ਼ ਦੇ 135 ਕਰੋੜ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ, ਇੰਡੀਆ ਗਠਜੋੜ ਨੂੰ ਮਜ਼ਬੂਤ ਕਰਨਾ ਹੋਵੇਗਾ ਅਤੇ ਭਾਜਪਾ ਨੂੰ ਹਰਾਉਣਾ ਹੋਵੇਗਾ।

LEAVE A REPLY

Please enter your comment!
Please enter your name here