ਸੁਲਤਾਨਪੁਰ : ਯੂ ਪੀ ਦੇ ਸੁਲਤਾਨਪੁਰ ’ਚ 65 ਸਾਲਾ ਔਰਤ ਨੂੰ ਆਪਣੀ ਛੇ ਸਾਲਾ ਪੋਤੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਸੁਦਾਮਾ ਦੇਵੀ ਆਪਣੀ ਨੂੰਹ ਪੂਜਾ ਹੱਥੋਂ ਲੋਕਾਂ ਸਾਹਮਣੇ ਹੋਈ ਬੇਇੱਜ਼ਤੀ ਤੋਂ ਨਾਰਾਜ਼ ਸੀ। ਸੁਦਾਮਾ ਦੇਵੀ ਸਨਿੱਚਰਵਾਰ ਸ਼ਾਮ ਪੋਤੀ ਨੂੰ ਸੈਰ ਕਰਨ ਲਈ ਲੈ ਗਈ। ਬਾਅਦ ’ਚ ਪਿੰਡ ਵਾਸੀਆਂ ਨੇ ਸੁਦਾਮਾ ਨੂੰ ਉਸ ਨੂੰ ਖੂਹ ’ਚ ਧੱਕਦੇ ਦੇਖਿਆ। ਪੁਲਸ ਦੀ ਮਦਦ ਨਾਲ ਬੱਚੀ ਨੂੰ ਬਾਹਰ ਕੱਢ ਕੇ ਸਥਾਨਕ ਸਿਹਤ ਕੇਂਦਰ ’ਚ ਲਿਜਾਇਆ ਗਿਆ, ਪਰ ਡਾਕਟਰ ਉਸ ਨੂੰ ਬਚਾਉਣ ’ਚ ਅਸਫਲ ਰਹੇ। ਪੀੜਤਾ ਦੇ ਪਿਤਾ ਸੰਤੋਸ਼ ਨੇ ਸੁਦਾਮਾ ਦੇਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਕਾਦੀਪੁਰ ਦੇ ਐੱਸ ਐੱਚ ਓ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਸੁਦਾਮਾ ਅਤੇ ਪੂਜਾ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਿਹਾ ਤਣਾਅ ਇਸ ਘਿਨਾਉਣੇ ਕਾਰੇ ਦਾ ਮੁੱਖ ਕਾਰਨ ਸੀ। ਗੁਆਂਢੀਆਂ ਨੇ ਸਵੇਰੇ ਪੂਜਾ ਅਤੇ ਸੁਦਾਮਾ ਵਿਚਕਾਰ ਝਗੜਾ ਸੁਣਿਆ। ਕੁਝ ਘੰਟਿਆਂ ਬਾਅਦ ਸੁਦਾਮਾ ਕੁੜੀ ਦੇ ਨਾਲ ਘਰੋਂ ਗਈ ਤੇ ਵਾਰਦਾਤ ਕਰ ਦਿੱਤੀ। ਸੰਤੋਸ਼ ਅਤੇ ਪੂਜਾ ਦਾ 10 ਸਾਲ ਦਾ ਬੇਟਾ ਅਤੇ 4 ਸਾਲ ਦੀ ਦੂਸਰੀ ਬੇਟੀ ਹੈ।


