22.1 C
Jalandhar
Friday, October 18, 2024
spot_img

ਚੋਣਾਂ ਮੌਕੇ ਰਾਮ ਲੱਲਾ ਵਿਸ਼ਾਲ ਮੰਦਰ ’ਚ

ਅਯੁੱਧਿਆ : ਇੱਥੇ ਰਾਮ ਮੰਦਰ ’ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਸੋਮਵਾਰ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਜੁੜੀਆਂ ਰਸਮਾਂ ’ਚ ਹਿੱਸਾ ਲਿਆ। ਸੁਨਹਿਰੀ ਰੰਗ ਦਾ ਕੁੜਤਾ ਤੇ ਕਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਮੋਦੀ ਨਵੇਂ ਬਣੇ ਰਾਮ ਮੰਦਰ ਦੇ ਮੁੱਖ ਗੇਟ ਤੋਂ ਪੈਦਲ ਸਮਾਗਮ ਵਾਲੀ ਥਾਂ ’ਤੇ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਲਾਲ ਕੱਪੜੇ ’ਚ ਲਪੇਟਿਆ ਚਾਂਦੀ ਦਾ ਛਤਰ ਵੀ ਲੈ ਕੇ   ਆਏ।
ਪਾਵਨ ਅਸਥਾਨ ’ਚ ਮੋਦੀ ਨੇ ਪੰਡਤਾਂ ਵੱਲੋਂ ਮੰਤਰਾਂ ਦੇ ਜਾਪ ਨਾਲ ਰਸਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾ ਪ੍ਰਾਣ ਪ੍ਰਤਿਸ਼ਠਾ ਲਈ ਸੰਕਲਪ ਲਿਆ। ਰਸਮ ’ਚ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਸ਼ਿਰਕਤ ਕੀਤੀ। ਯੂ ਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ 12 ਵੱਜ ਕੇ 29 ਮਿੰਟ ’ਤੇ ਕੀਤੀ ਗਈ। ਇਸ ਦੌਰਾਨ ਸੈਨਾ ਦੇ ਹੈਲੀਕਾਪਟਰਾਂ ਨੇ ਮੰਦਰ ’ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ-ਅਯੁੱਧਿਆ ਧਾਮ ’ਚ ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ ਸਾਰਿਆਂ ਨੂੰ ਭਾਵੁਕ ਕਰਨ ਵਾਲਾ ਹੈ। ਇਸ ਬ੍ਰਹਮ ਦਾ ਹਿੱਸਾ ਬਣਨਾ ਮੇਰੀ ਖੁਸ਼ਕਿਸਮਤੀ ਹੈ। ਜੈ ਸੀਤਾ ਰਾਮ। ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਤੋਂ ਬਾਅਦ ‘ਸਿਆਵਰ ਰਾਮਚੰਦਰ ਕੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ-22 ਜਨਵਰੀ 2024 ਦਾ ਇਹ ਦਿਨ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸਾਡੇ ਰਾਮ ਲੱਲਾ ਹੁਣ ਤੰਬੂ ’ਚ ਨਹੀਂ ਰਹਿਣਗੇ। ਸਾਡੇ ਰਾਮ ਲੱਲਾ ਹੁਣ ਇਸ ਵਿਸ਼ਾਲ ਮੰਦਰ ’ਚ ਰਹਿਣਗੇ। ਅੱਜ ਸਾਡਾ ਰਾਮ ਆਇਆ ਹੈ। ਮੇਰਾ ਪੱਕਾ ਵਿਸ਼ਵਾਸ ਅਤੇ ਅਥਾਹ ਸ਼ਰਧਾ ਹੈ ਕਿ ਜੋ ਕੁਝ ਵੀ ਹੋਇਆ ਹੈ, ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ’ਚ ਰਾਮ ਦੇ ਭਗਤ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾਮੈਂ ਭਗਵਾਨ ਸ੍ਰੀ ਰਾਮ ਤੋਂ ਵੀ ਮੁਆਫੀ ਮੰਗਦਾ ਹਾਂ। ਸਾਡੇ ਯਤਨਾਂ, ਤਿਆਗ ਅਤੇ ਤਪੱਸਿਆ ’ਚ ਜ਼ਰੂਰ ਕੋਈ ਕਮੀ ਰਹੀ ਹੋਵੇਗੀ ਕਿ ਅਸੀਂ ਇਹ ਕੰਮ ਏਨੀਆਂ ਸਦੀਆਂ ਤੱਕ ਨਹੀਂ ਕਰ ਸਕੇ। ਅੱਜ ਉਹ ਕੰਮ ਪੂਰਾ ਹੋ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਸ੍ਰੀ ਰਾਮ ਜ਼ਰੂਰ ਸਾਨੂੰ ਮੁਆਫ ਕਰ ਦੇਣਗੇ।
ਉਨ੍ਹਾ ਅੱਗੇ ਕਿਹਾਇਹ ਰਾਮ ਦੇ ਰੂਪ ’ਚ ਰਾਸ਼ਟਰੀ ਚੇਤਨਾ ਦਾ ਮੰਦਰ ਹੈ। ਰਾਮ ਭਾਰਤ ਦੀ ਆਸਥਾ ਹੈ, ਰਾਮ ਭਾਰਤ ਦੀ ਨੀਂਹ ਹੈ। ਰਾਮ ਭਾਰਤ ਦਾ ਵਿਚਾਰ ਹੈ, ਰਾਮ ਭਾਰਤ ਦਾ ਕਾਨੂੰਨ ਹੈ… ਰਾਮ ਭਾਰਤ ਦੀ ਸ਼ਾਨ ਹੈ। ਰਾਮ ਨੇਤਾ ਹੈ ਅਤੇ ਰਾਮ ਨੀਤੀ ਹੈ। ਰਾਮ ਸਦੀਵੀ ਹੈ। ਜਦੋਂ ਰਾਮ ਦਾ ਸਤਿਕਾਰ ਕੀਤਾ ਜਾਂਦਾ ਹੈ, ਤਾਂ ਇਸ ਦਾ ਪ੍ਰਭਾਵ ਸਾਲਾਂ ਜਾਂ ਸਦੀਆਂ ਤੱਕ ਨਹੀਂ ਰਹਿੰਦਾ, ਇਸ ਦਾ ਪ੍ਰਭਾਵ ਹਜ਼ਾਰਾਂ ਸਾਲਾਂ ਤੱਕ ਰਹਿੰਦਾ ਹੈ।
ਪ੍ਰਧਾਨ ਮੰਤਰੀ ਨੇ 2019 ਦੇ ਫੈਸਲੇ ’ਚ ਨਿਆਂ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਵੀ ਕੀਤਾ ਅਤੇ ਰਾਮ ਜਨਮ ਭੂਮੀ ਲਈ ਲੜੀ ਗਈ ਲੰਮੀ ਕਾਨੂੰਨੀ ਲੜਾਈ ਨੂੰ ਯਾਦ ਕੀਤਾ। ਉਨ੍ਹਾ ਕਿਹਾਭਾਰਤੀ ਸੰਵਿਧਾਨ ਦੇ ਪਹਿਲੇ ਪੰਨੇ ’ਤੇ ਭਗਵਾਨ ਰਾਮ ਮੌਜੂਦ ਹਨ। ਸੰਵਿਧਾਨ ਲਾਗੂ ਹੋਣ ਤੋਂ ਕਈ ਦਹਾਕਿਆਂ ਬਾਅਦ ਵੀ ਭਗਵਾਨ ਰਾਮ ਦੀ ਹੋਂਦ ਨੂੰ ਲੈ ਕੇ ਕਾਨੂੰਨੀ ਲੜਾਈਆਂ ਲੜੀਆਂ ਗਈਆਂ। ਮੈਂ ਨਿਆਂ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ। ਰਾਮ ਮੰਦਰ ਦਾ ਨਿਰਮਾਣ ਕਾਨੂੰਨੀ ਤੌਰ ’ਤੇ ਹੋਇਆ। 22 ਜਨਵਰੀ ਦਾ ਸੂਰਜ ਅਦਭੁਤ ਚਮਕ ਲਿਆਇਆ। 22 ਜਨਵਰੀ 2024 ਕੈਲੰਡਰ ’ਤੇ ਲਿਖੀ ਤਾਰੀਖ ਨਹੀਂ ਹੈ, ਇਹ ਇੱਕ ਨਵੇਂ ਸਮੇਂ ਦੇ ਚੱਕਰ ਦੀ ਉਤਪਤੀ ਹੈ।
ਮੋਹਨ ਭਾਗਵਤ ਨੇ ਕਿਹਾਅੱਜ ਰਾਮ ਲੱਲਾ 500 ਸਾਲ ਬਾਅਦ ਇੱਥੇ ਵਾਪਸ ਆਏ ਹਨ ਅਤੇ ਉਨ੍ਹਾ ਦੇ ਯਤਨਾਂ ਸਦਕਾ ਅੱਜ ਅਸੀਂ ਇਹ ਸੁਨਹਿਰੀ ਦਿਨ ਦੇਖ ਰਹੇ ਹਾਂ। ਇਸ ਯੁੱਗ ਦੇ ਇਤਿਹਾਸ ’ਚ ਏਨੀ ਸ਼ਕਤੀ ਹੈ ਕਿ ਜੋ ਵੀ ਰਾਮ ਲੱਲਾ ਦੀ ਕਥਾ ਸੁਣਦਾ ਹੈ, ਉਸ ਦੇ ਸਾਰੇ ਦੁੱਖ-ਦਰਦ ਮਿਟ ਜਾਂਦੇ ਹਨ।

Related Articles

LEAVE A REPLY

Please enter your comment!
Please enter your name here

Latest Articles