ਜਨਵਰੀ 2024 ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹਾਸਲ ਕਰ ਗਿਆ ਹੈ। 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰ ਦਿੱਤੀ ਹੈ। ਮੀਡੀਆ ਅਨੁਸਾਰ ਸਾਰਾ ਦੇਸ਼ ਰਾਮ ਦੇ ਜੈਕਾਰਿਆਂ ਨਾਲ ਗੂੰਜਾ ਦਿੱਤਾ ਗਿਆ ਸੀ। ਸੰਘ ਤੇ ਭਾਜਪਾ ਦੇ ਕਾਰਕੁਨ ਘਰ-ਘਰ ਪੁੱਜੇ ਸਨ। ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਦਾ ਦਾਅਵਾ ਹੈ ਕਿ ਨਰਿੰਦਰ ਮੋਦੀ ਵਿਸ਼ਣੂ ਦੇ ਅਵਤਾਰ ਹਨ, ਪਰ ਮੀਡੀਆ ਆਪਣੀ ਰਿਪੋਰਟਿੰਗ ਵਿੱਚ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਵੇਂ ਵਿਸ਼ਣੂ ਖੁਦ ਮੋਦੀ ਦੇ ਅਵਤਾਰ ਹੋਣ।
ਜਨਵਰੀ ਇਸ ਲਈ ਵੀ ਅਹਿਮ ਹੈ ਕਿ ਜਦੋਂ ਨਰਿੰਦਰ ਮੋਦੀ ਬਾਲ ਰਾਮ ਦੀ ਮੂਰਤੀ ਅੰਦਰ ਪ੍ਰਾਣਾਂ ਦਾ ਸੰਚਾਰ ਕਰ ਰਹੇ ਸਨ, ਉਤਰ-ਪੂਰਬ ਵਿੱਚ ਰਾਹੁਲ ਗਾਂਧੀ ‘ਲੋਕਤੰਤਰ ਦੀ ਆਤਮਾ’ ਵਿੱਚ ਪ੍ਰਾਣਾਂ ਦਾ ਸੰਚਾਰ ਕਰਨ ਵਿੱਚ ਲੱਗੇ ਹੋਏ ਸਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਨੇ ਸਿਰਫ਼ ਪਹਿਲੇ ਹਫ਼ਤੇ ਵਿੱਚ ਹੀ ਉਤਰ-ਪੂਰਬ ਵਿੱਚ ਪ੍ਰਾਣਾਂ ਦੀ ਗਰਮੀ ਪੈਦਾ ਕਰ ਦਿੱਤੀ ਹੈ। ਇਹ ਯਾਤਰਾ ਮਨੀਪੁਰ ਤੋਂ ਸ਼ੁਰੂ ਹੋਈ ਸੀ, ਜਿਹੜਾ ਪਿਛਲੇ ਅੱਠ ਮਹੀਨਿਆਂ ਤੋਂ ਅੱਗ ਵਿੱਚ ਸੜ ਰਿਹਾ ਹੈ, ਪਰ ਅਯੁੱਧਿਆ ਵਿੱਚ ਆਪਣੀ ਅਗਲੀ ਸਿਆਸੀ ਪਾਰੀ ਦੀ ਕਾਮਨਾ ਦਾ ਯੱਗ ਕਰ ਰਹੇ ਪ੍ਰਧਾਨ ਮੰਤਰੀ ਨੂੰ ਇਸ ਦੀਆਂ ਲਪਟਾਂ ਦਾ ਜ਼ਰਾ ਵੀ ਸੇਕ ਮਹਿਸੂਸ ਨਹੀਂ ਹੋਇਆ। ਮਨੀਪੁਰ ਵਿੱਚ ਕੁੱਕੀ ਤੇ ਮੈਤੇਈ ਦਾ ਝਗੜਾ ਗ੍ਰਹਿ ਯੁੱਧ ਰੂਪ ਲੈ ਚੁੱਕਾ ਹੈ। ਪੁਲਸ ਤੇ ਅਫ਼ਸਰ ਕਬੀਲਿਆਂ ਦੇ ਪ੍ਰਤੀਨਿਧ ਬਣ ਚੁੱਕੇ ਹਨ। ਉਥੋਂ ਦਾ ਰਾਜਪਾਲ ਜਦੋਂ ਮੈਤੇਈ ਇਲਾਕੇ ਵਿੱਚੋਂ ਕੁੱਕੀ ਇਲਾਕੇ ਵਿੱਚ ਜਾਂਦਾ ਹੈ ਤਾਂ ਉਸ ਦੇ ਮੈਤੇਈ ਡਰਾਈਵਰ ਨੂੰ ਬਦਲ ਕੇ ਕੁੱਕੀ ਡਰਾਈਵਰ ਲਾਇਆ ਜਾਂਦਾ ਹੈ। ਇਹ ਸਥਿਤੀ ਭਾਰਤ ਦੀ ਏਕਤਾ ਤੇ ਅਖੰਡਤਾ ਉੱਤੇ ਇੱਕ ਵੱਡਾ ਹਮਲਾ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਚਿੰਤਾ ਨਹੀਂ। ਸੈਂਕੜੇ ਮੌਤਾਂ, ਬਲਾਤਕਾਰ ਤੇ ਔਰਤਾਂ ਨੂੰ ਨੰਗਿਆਂ ਕਰਕੇ ਘੁੰਮਾਉਣ ਦੀਆਂ ਘਟਨਾਵਾਂ ਵੀ ਉਨ੍ਹਾ ਦਾ ਮੌਨ ਵਰਤ ਨਹੀਂ ਤੋੜ ਸਕੀਆਂ।
ਅਜਿਹੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਯਾਤਰਾ ਮਨੀਪੁਰ ਤੋਂ ਸ਼ੁਰੂ ਕਰਕੇ ਇੱਕ ਜਾਗਰੂਕ ਨਾਗਰਿਕ ਦੀ ਭੂਮਿਕਾ ਨਿਭਾਈ ਹੈ। ਉਨ੍ਹਾ ਦੋਵਾਂ ਭਾਈਚਾਰਿਆਂ ਨੂੰ ਆਪਣੇ ਗਲ ਨਾਲ ਲਾਇਆ। ਰਾਹੁਲ ਗਾਂਧੀ ਦੀ ਯਾਤਰਾ ਨੂੰ ਨਾਗਾਲੈਂਡ, ਅਰੁਣਾਚਲ ਤੇ ਅਸਾਮ ਵਿੱਚ ਵੀ ਭਰਪੂਰ ਸਮਰਥਨ ਮਿਲਿਆ ਹੈ। ਭਾਜਪਾਈਆਂ ਨੂੰ ਆਸ ਸੀ ਕਿ ਇਹ ਯਾਤਰਾ ਸਫਲ ਨਹੀਂ ਹੋਵੇਗੀ, ਕਿਉਂਕਿ ਉਤਰ-ਪੂਰਬੀ ਰਾਜਾਂ ਵਿੱਚ ਕਾਂਗਰਸ ਆਪਣਾ ਜਨਅਧਾਰ ਗੁਆ ਚੁੱਕੀ ਹੈ। ਭਾਜਪਾ ਨੂੰ ਇਹ ਵੀ ਭਰੋਸਾ ਸੀ ਕਿ ਉਸ ਵੱਲੋਂ ਰਾਮ ਮੰਦਰ ਦੇ ਨਾਂਅ ਉੱਤੇ ਸ਼ੁਰੂ ਕੀਤੇ ਗਏ ਦੇਸ਼ਵਿਆਪੀ ਜਨੂੰਨ ਦਾ ਤੂਫਾਨ ਯਾਤਰਾ ਦੇ ਪ੍ਰਭਾਵ ਨੂੰ ਨਸ਼ਟ ਕਰ ਦੇਵੇਗਾ, ਪਰ ਜਦੋਂ ਹੀ ਇਹ ਯਾਤਰਾ ਅਸਾਮ ਵਿੱਚ ਪੁੱਜੀ ਤਾਂ ਇਸ ਨੇ ਭਾਜਪਾ ਦੀਆਂ ਸਾਰੀ ਗਿਣਤੀਆਂ-ਮਿਣਤੀਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਰਾਹੁਲ ਨੂੰ ਦੇਖਣ ਵਾਲਿਆਂ ਦੀਆਂ ਭੀੜਾਂ ਨੇ ਭਾਜਪਾਈਆਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪਹਿਲਾਂ ਯਾਤਰਾ ਦੇ ਆਯੋਜਕਾਂ ਉਤੇ ਕੇਸ ਦਰਜ ਕੀਤਾ ਗਿਆ, ਫਿਰ ਦੋ ਵਾਰ ਯਾਤਰਾ ਵਿੱਚ ਸ਼ਾਮਲ ਵਿਅਕਤੀਆਂ ਉੱਤੇ ਭਾਜਪਾਈ ਗੁੰਡਿਆਂ ਵੱਲੋਂ ਹਮਲੇ ਕੀਤੇ ਗਏ। ਯਾਤਰਾ ਦੇ ਪੋਸਟਰ ਪਾੜੇ ਗਏ ਤੇ ਗੱਡੀਆਂ ਉੱਤੇ ਪਥਰਾਅ ਕੀਤਾ ਗਿਆ।
ਇੱਥੇ ਬੱਸ ਨਹੀਂ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ 21 ਤਰੀਕ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਰਾਹੁਲ ਗਾਂਧੀ ਨੂੰ ਆਪਣੀ ਯਾਤਰਾ ਨੂੰ ਉਦੋਂ ਤੱਕ ਟਾਲ ਦੇਣ ਦਾ ਕਹਿ ਦਿੱਤਾ, ਜਦੋਂ ਤੱਕ ਨਰਿੰਦਰ ਮੋਦੀ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਪੂਰੀ ਨਹੀਂ ਕਰ ਲੈਂਦਾ। ਰਾਹੁਲ ਗਾਂਧੀ ਨੇ 22 ਜਨਵਰੀ ਨੂੰ ਸਵੇਰੇ 7 ਵਜੇ ਅਸਾਮ ਦੇ 15ਵੀਂ ਸਦੀ ਦੇ ਸੰਤ ਸ਼ੰਕਰ ਦੇਵ ਦੇ ਜਨਮ ਸਥਾਨ ਬੋਰਦੇਵਾ ਵਿੱਚ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ। ਮੁੱਖ ਮੰਤਰੀ ਦੀ ਹਦਾਇਤ ਉੱਤੇ ਅਧਿਕਾਰੀਆਂ ਨੇ ਸਥਾਨਕ ਸੰਸਦਾਂ ਤੇ ਵਿਧਾਇਕਾਂ ਨੂੰ ਤਾਂ ਮੰਦਰ ਵਿੱਚ ਜਾਣ ਦੀ ਆਗਿਆ ਦੇ ਦਿੱਤੀ, ਪਰ ਰਾਹੁਲ ਨੂੰ ਅੰਦਰ ਜਾਣੋਂ ਰੋਕ ਦਿੱਤਾ।
ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ’ਚ ਇਹ ਡਰ ਵੀ ਪ੍ਰਗਟ ਕਰ ਦਿੱਤਾ ਕਿ ਜਦੋਂ ਟੀ ਵੀ ਚੈਨਲ ਅੱਧੀ ਸਕਰੀਨ ’ਤੇ ਨਰਿੰਦਰ ਮੋਦੀ ਨੂੰ ਦਿਖਾਉਣਗੇ ਤੇ ਅੱਧੀ ’ਤੇ ਰਾਹੁਲ ਨੂੰ ਤਾਂ ਇਹ ਮੁਕਾਬਲੇਬਾਜ਼ੀ ਹੋ ਜਾਵੇਗੀ। ਪ੍ਰਬੰਧਕ ਕਮੇਟੀ ਨੇ ਵੀ ਇਹ ਕਹਿ ਦਿੱਤਾ ਕਿ ਰਾਮ ਪ੍ਰਾਣ ਪ੍ਰਤਿਸ਼ਠਾ ਕਾਰਨ ਮੰਦਰ ਵਿੱਚ ਲੋਕਾਂ ਦੀ ਭੀੜ ਹੋਵੇਗੀ, ਜਦੋਂ ਕਿ ਸੰਤ ਸ਼ੰਕਰ ਦੇਵ ਤਾਂ ਭਗਤੀ ਲਹਿਰ ਦੇ ਆਗੂ ਸਨ, ਜਿਨ੍ਹਾ ਸਨਾਤਨ ਧਰਮ ਤੇ ਮਨੂੰਵਾਦ ਦੀ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਰਾਜ ਸਰਕਾਰ ਦੀ ਧੱਕੜਸ਼ਾਹੀ ਵਿਰੁੱਧ ਰਾਹੁਲ ਗਾਂਧੀ ਸਮਰਥਕਾਂ ਸਮੇਤ ਮੰਦਰ ਅੱਗੇ ਧਰਨੇ ’ਤੇ ਬੈਠ ਗਏ ਸਨ। ਰਾਹੁਲ ਗਾਂਧੀ ਨੇ 25 ਜਨਵਰੀ ਤੱਕ ਅਸਾਮ ਵਿੱਚ ਰਹਿਣਾ ਹੈ। ਉਸ ਤੋਂ ਬਾਅਦ ਇਹ ਯਾਤਰਾ ਪੱਛਮੀ ਬੰਗਾਲ ਤੇ ਬਿਹਾਰ ਤੋਂ ਹੋ ਕੇ ਉਤਰ ਪ੍ਰਦੇਸ਼ ਵਿੱਚ ਦਾਖ਼ਲ ਹੋਵੇਗੀ। ਡਰ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾਈ ਵਿਘਨ ਪਾਉਣ। ਇਸ ਲਈ ‘ਇੰਡੀਆ’ ਗਠਜੋੜ ਨੂੰ ਮੈਦਾਨ ਮੱਲਣਾ ਚਾਹੀਦਾ ਹੈ।
-ਚੰਦ ਫਤਿਹਪੁਰੀ



