ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਕਿਹਾ ਕਿ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਸਿਹਰਾ ਲੈਣ ਦਾ ਦਾਅਵਾ ਕਰ ਸਕਦੇ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੀ ਜਯੰਤੀ ਮਨਾਉਣ ਲਈ ਜੇ ਡੀ (ਯੂ) ਵੱਲੋਂ ਆਯੋਜਿਤ ਰੈਲੀ ਵਿਚ ਨਿਤੀਸ਼ ਨੇ ਆਪਣੇ ਸਿਆਸੀ ਉਸਤਾਦ ਨੂੰ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿਵਾਉਣ ਲਈ ਉਨ੍ਹਾ ਵੱਲੋਂ ਕੀਤੇ ਅਣਥੱਕ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾਮੈਨੂੰ ਮੇਰੇ ਪਾਰਟੀ ਸਾਥੀ ਤੇ ਮਰਹੂਮ ਆਗੂ ਦੇ ਬੇਟੇ ਰਾਮਨਾਥ ਠਾਕੁਰ ਨੇ ਦੱਸਿਆ ਕਿ ਭਾਰਤ ਰਤਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾ ਨੂੰ ਫੋਨ ਕੀਤਾ। ਪ੍ਰਧਾਨ ਮੰਤਰੀ ਨੇ ਮੈਨੂੰ ਅਜੇ ਤੱਕ ਫੋਨ ਨਹੀਂ ਕੀਤਾ। ਸੰਭਵ ਹੈ ਕਿ ਉਹ ਇਸ ਦਾ ਪੂਰਾ ਸਿਹਰਾ ਲੈਣ ਦਾ ਦਾਅਵਾ ਕਰਨਗੇ, ਪਰ ਜੋ ਵੀ ਹੈ, ਮੈਂ ਪ੍ਰਧਾਨ ਮੰਤਰੀ ਤੇ ਉਨ੍ਹਾ ਦੀ ਸਰਕਾਰ ਦਾ ਧੰਨਵਾਦੀ ਹਾਂ ਕਿ ਮੇਰੇ ਵੱਲੋਂ ਬਿਹਾਰ ਦੀ ਸੱਤਾ ਸੰਭਾਲਣ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰ ਦਿੱਤੀ ਹੈ। ਜੇ ਡੀ (ਯੂ) ਦੇ ਪ੍ਰਧਾਨ ਨਿਤਿਸ਼ ਨੇ ਕਿਹਾਮੈਂ ਕਦੇ ਵੀ ਆਪਣੇ ਪਰਵਾਰ ਦੇ ਕਿਸੇ ਮੈਂਬਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਕਿ ਮੈਂ ਕਰਪੂਰੀ ਠਾਕੁਰ ਤੋਂ ਪ੍ਰੇਰਨਾ ਲਈ, ਜਿਹੜੇ ਜਨਤਕ ਜ਼ਿੰਦਗੀ ਵਿਚ ਦਿਆਨਤਦਾਰੀ ਲਈ ਜਾਣੇ ਜਾਂਦੇ ਸਨ। ਕਰਪੂਰੀ ਠਾਕੁਰ ਨੇ ਹੀ ਸਾਨੂੰ ਹੋਰਨਾਂ ਪੱਛੜੀਆਂ ਜਾਤਾਂ ਤੇ ਅਤਿਅੰਤ ਪੱਛੜੀਆਂ ਜਾਤਾਂ ਲਈ ਕੰਮ ਕਰਨ ਲਈ ਪੇ੍ਰਰਿਆ। ਜਾਤ ਸਰਵੇਖਣ, ਜਿਹੜਾ ਅਸੀਂ ਕਰਵਾਇਆ ਅਤੇ ਪੱਛੜਿਆਂ ਲਈ ਜਿਹੜੇ ਭਲਾਈ ਦੇ ਕੰਮ ਕੀਤੇ, ਉਨ੍ਹਾਂ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ।