ਮਨਰੇਗਾ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ : ਮਾੜੀਮੇਘਾ, ਸੀਮਾ ਸੋਹਲ

0
193

ਤਰਨ ਤਾਰਨ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਜ਼ਿਲ੍ਹਾ ਤਰਨ ਤਾਰਨ ਦੀ ਕਨਵੈਨਸ਼ਨ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨ ਤਾਰਨ ਵਿਖੇ ਟਹਿਲ ਸਿੰਘ ਲੱਧੂ ਤੇ ਕੁਲਵੰਤ ਸਿੰਘ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸਕੱਤਰ ਸੀਮਾ ਸੋਹਲ ਨੇ ਕਿਹਾ ਕਿ ਜੇ ਸਰਕਾਰੀ ਤੰਤਰ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕਰੇ ਤਾਂ ਇਹ ਕਾਨੂੰਨ ਗਰੀਬਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ, ਪਰ ਅਫਸਰਸ਼ਾਹੀ ਇਸ ਕਾਨੂੰਨ ਅਧੀਨ ਕੰਮ ਹੀ ਉਨ੍ਹਾਂ ਕਾਮਿਆਂ ਨੂੰ ਦਿੰਦੇ ਹਨ, ਜਿਹੜੇ ਇਨ੍ਹਾਂ ਦੀ ਮੁੱਠੀ ਗਰਮ ਕਰਦੇ ਹਨ। ਅਫਸਰਸ਼ਾਹੀ ਪੰਚਾਂ-ਸਰਪੰਚਾਂ ਨਾਲ ਰਲ ਕੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰਦੀ ਹੈ। ਬਹੁਤੇ ਸਰਪੰਚਾਂ ਨੇ ਨਰੇਗਾ ਕਾਮਿਆਂ ਦੀਆਂ ਬੈਂਕ ਕਾਪੀਆਂ ਤੇ ਜਾਬ ਕਾਰਡ ਆਪਣੇ ਕੋਲ ਰੱਖੇ ਹਨ। ਅਫਸਰਾਂ ਨਾਲ ਮਿਲ ਕੇ ਕੀਤਾ ਹੋਇਆ ਕੰਮ ਵਿਖਾ ਕੇ ਨਰੇਗਾ ਕਾਮਿਆਂ ਦੇ ਖਾਤੇ ਵਿੱਚ ਪੈਸੇ ਪਵਾ ਕੇ ਤੇ ਬੈਂਕ ਵਾਲਿਆਂ ਨਾਲ ਮਿਲ ਕੇ ਪੈਸੇ ਹੜੱਪ ਲਏ ਜਾਂਦੇ ਹਨ। ਆਗੂਆਂ ਕਿਹਾ ਕਿ ਜਿਹੜੇ ਨਰੇਗਾ ਕਾਮੇ ਸਹੀ ਮਾਅਨਿਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਰਕਾਰੀ ਤਾਣਾ-ਬਾਣਾ ਤੰਗ ਕਰਦਾ ਹੈ, ਭਾਵ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਘੱਟ ਜਾਂ ਲੇਟ ਪਾਉਣੇ ਹੁੰਦੇ ਹਨ। ਜਾਣਬੁੱਝ ਕੇ ਪੈਸੇ ਗਲਤ ਖਾਤਿਆਂ ਵਿੱਚ ਪਾ ਦਿੱਤੇ ਜਾਂਦੇ ਹਨ ਕਿ ਆਪੇ ਖੱਜਲ-ਖੁਆਰ ਹੋ ਕਿ ਘਰ ਬੈਠ ਜਾਣਗੇ ਤੇ ਕੰਮ ’ਤੇ ਲੱਗਣ ਦੀ ਮੰਗ ਹੀ ਨਾ ਕਰਨਗੇ। ਨਰੇਗਾ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਨਰੇਗਾ ਕੰਮ ਸਾਲ ਵਿੱਚ 200 ਦਿਨ ਅਤੇ ਦਿਹਾੜੀ 1000 ਰੁਪਏ ਕੀਤੀ ਜਾਵੇ। ਜਿਥੇ ਨਰੇਗਾ ਦਾ ਕੰਮ ਚਲਦਾ ਹੋਵੇ, ਉਥੇ ਮੈਡੀਕਲ ਸਹੂਲਤ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੱਚੇ ਸਾਂਭਣ ਲਈ ਔਰਤ ਅਤੇ ਛਾਂ ਦੇ ਪ੍ਰਬੰਧ ਵੀ ਜ਼ਰੂਰੀ ਹੋਣੇ ਚਾਹੀਦੇ ਹਨ। ਕਨਵੈਨਸ਼ਨ ਨੂੰ ਜਸਵੰਤ ਸਿੰਘ ਸੂਰਵਿੰਡ, ਜਸਪਾਲ ਸਿੰਘ ਕਲਸੀਆਂ, ਚਰਨ ਸਿੰਘ ਤਰਨ ਤਾਰਨ ਤੇ ਜਸਬੀਰ ਸਿੰਘ ਜਿਊਣਗੇ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here