ਆਗਰਾ (ਗਿਆਨ ਸੈਦਪੁਰੀ)
ਜਦੋਂ ਤਾਂ ਮੁਲਕ ਦੇ ਹਾਕਮ ਇਸ ਦੇਸ਼ ਵਿੱਚ ਅੰਮਿ੍ਰਤਕਾਲ ਆ ਜਾਣ ਦਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ, ਓਦੋਂ ਤੋਂ ਹੀ ਬਹੁਤ ਸਾਰੇ ਲੋਕ ਭਰਮਵੱਸ ਮੋਦੀ ਦੇ ਗੁਣਗਾਨ ਕਰਨ ਲੱਗੇ ਹੋਏ ਹਨ, ਪਰ ਲੋਕ ਸੇਵਾਵਾਂ ਦੇ ਹਰ ਖੇਤਰ ਦਾ ਬੁਰਾ ਹਾਲ ਹੈ। ਭਾਰਤੀ ਰੇਲਵੇ ਵੀ ਇਸ ਹਾਲਤ ਤੋਂ ਬਾਹਰ ਨਹੀਂ ਹੈ। ਰੇਲ ਗੱਡੀਆਂ ਵਿੱਚ ਸਫਰ ਕਰਨ ਵਾਲੇ ਲੋਕ ਅਕਸਰ ਹਰ ਰੋਜ਼ ਖੱਜਲ-ਖੁਆਰ ਹੋ ਰਹੇ ਹਨ। ਇਸੇ ਸਿਲਸਿਲੇ ਤਹਿਤ ਦਿੱਲੀ ਤੋਂ ਚੇਨਈ ਜਾਣ ਵਾਲੇ ਹਜ਼ਾਰਾਂ ਮੁਸਾਫਰ ਪ੍ਰੇਸ਼ਾਨ ਹੋਏ। ਹਰ ਰੋਜ਼ ਨਵੀਂ ਦਿੱਲੀ ਤੋਂ ਚੇਨਈ ਚੱਲਣ ਵਾਲੀ ਰੇਲ ਗੱਡੀ ਨੰਬਰ 12622 ਆਗਰਾ ਪਹੁੰਚਣ ਤੱਕ 16 ਘੰਟੇ ਲੇਟ ਹੋ ਗਈ। ਸ਼ੁੱਕਰਵਾਰ ਰਾਤ 9 ਵਜੇ ਚੱਲਣ ਵਾਲੀ ਟਰੇਨ ਸਾਢੇ ਬਾਰਾਂ ਵਜੇ ਰਵਾਨਾ ਹੋਈ। ਰੇਲਵੇ ਸਟੇਸ਼ਨ ’ਤੇ ਲੱਗੇ ਡਿਸਪਲੇ ਬੋਰਡਾਂ ’ਤੇ ਰੇਲ ਗੱਡੀ ਦਾ ਨੰਬਰ ਤਾਂ ਵਾਰ-ਵਾਰ ਆਉਂਦਾ ਰਿਹਾ, ਪਰ ਇਹ ਕਦੋਂ ਰਵਾਨਾ ਹੋਵੇਗੀ, ਇਸ ਦਾ ਕੋਈ ਜ਼ਿਕਰ ਨਹੀਂ ਸੀ। ਇਹ ਟਰੇਨ ਮੁਸਾਫਰਾਂ ਦੀ ਲੰਮੀ ਇੰਤਜ਼ਾਰ ਤੋਂ ਬਾਅਦ ਸਾਢੇ ਬਾਰਾਂ ਵਜੇ ਰਵਾਨਾ ਹੋਈ। ਚੇਨਈ ਤੱਕ ਜਾਣ ਵਾਲੀ ਇਸ ਟਰੇਨ ਨੇ ਦੋ-ਢਾਈ ਘੰਟੇ ਵਿੱਚ ਆਗਰਾ ਪਹੁੰਚ ਜਾਣਾ ਹੁੰਦਾ ਹੈ। ਇਹ ਟਰੇਨ ਪਤਾ ਨਹੀਂ ਕਿਨ੍ਹਾਂ ਟਰੈਕਾਂ ਤੋਂ ਹੁੰਦੀ ਹੋਈ ਚਾਰ ਵਜੇ ਆਗਰਾ ਪਹੁੰਚੀ। ਟਰੇਨ ਦੇ ਮੁਸਾਫਰ ਸਾਰਾ ਸਮਾਂ ਪ੍ਰੇਸ਼ਾਨ ਹੁੰਦੇ ਰਹੇ। ਆਪਣੀ ਮੰਜ਼ਲ ’ਤੇ ਕਦੋਂ ਪਹੁੰਚਗੀ, ਇਹ ਗੱਲ ਖਬਰ ਲਿਖੇ ਜਾਣ ਤੱਕ ਵੀ ਨਿਸਚਤ ਨਹੀਂ ਹੈ। ਦੱਸਣਯੋਗ ਹੈ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਚੇਨਈ ਵਿੱਚ ਹੋਣ ਜਾ ਰਹੀ 28 ਤੋਂ 30 ਜਨਵਰੀ ਤੱਕ ਮੀਟਿੰਗ ਵਿੱਚ ਭਾਗ ਲੈਣ ਵਾਲੇ ਜਨਰਲ ਕੌਂਸਲ ਦੇ ਪੰਜਾਬ ਤੋਂ ਮੈਂਬਰ ਵੀ ਸਵਾਰ ਹਨ। ਟਰੇਨ ਦੀ ਰਫਤਾਰ ਤੋਂ ਇਹ ਗੱਲ ਵੀ ਅਜੇ ਭੰਬਲਭੂਸੇ ਵਿੱਚ ਹੈ ਕਿ ਕੀ ਪੰਜਾਬ ਤੋਂ ਜਾਣ ਵਾਲੇ ਸਾਥੀ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਲ ਹੋ ਸਕਣਗੇ ਜਾਂ ਨਹੀ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਦੀ ਅਗਵਾਈ ਵਿੱਚ ਜਾਣ ਵਾਲੇ 10 ਮੈਂਬਰਾਂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ, ਮੀਤ ਪ੍ਰਧਾਨ ਨਾਨਕ ਚੰਦ ਬਜਾਜ, ਪ੍ਰੈੱਸ ਸਕੱਤਰ ਗਿਆਨ ਸਿੰਘ ਸੈਦਪੁਰੀ, ਵਿੱਤ ਸਕੱਤਰ ਰਿਸ਼ੀਪਾਲ ਖੁੱਬਣ, ਮੀਤ ਸਕੱਤਰ ਸੁਰਿੰਦਰ ਸਿੰਘ ਭੈਣੀ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਕੌਂਸਲ ਮੈਂਬਰ ਗੁਰਨਾਮ ਸਿੰਘ ਮਾਨੀਵਾਲਾ, ਪ੍ਰਕਾਸ਼ ਸਿੰਘ ਕੈਰੋਂ ਨੰਗਲ ਤੇ ਮਹਿੰਗਾ ਰਾਮ ਦੋਦੇ ਆਦਿ ਸ਼ਾਮਲ ਹਨ।





