ਜਲੰਧਰ (ਸ਼ੈਲੀ ਐਲਬਰਟ, ਰਾਜੇਸ਼ ਥਾਪਾ, ਸੁਰਿੰਦਰ ਕੁਮਾਰ, ਇਕਬਾਲ ਉੱਭੀ)
ਸੂਬੇ ਵਿੱਚ ਸੜਕ ਹਾਦਸੇ ਘਟਾ ਕੇ ਸਾਲਾਨਾ 3000 ਦੇ ਕਰੀਬ ਬਹੁਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਦੇਸ਼ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਦੇ 129 ਹਾਈਟੈੱਕ ਵਾਹਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।
ਪੀ ਏ ਪੀ ਗਰਾਊਂਡ ਵਿਖੇ ਇਸ ਫੋਰਸ ਦੀ ਸ਼ੁਰੂਆਤ ਕਰਨ ਲਈ ਰੱਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਅੱਜ ਇਹ ਇਤਿਹਾਸਕ ਪਲ ਹਨ, ਕਿਉਂਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਮਰਿਪਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫੋਰਸ ਦੇ ਗਠਨ ਦਾ ਵਿਚਾਰ ਰਾਤੋ-ਰਾਤ ਨਹੀਂ ਆਇਆ, ਸਗੋਂ ਇਸ ਗੰਭੀਰ ਸਮੱਸਿਆ ਦੇ ਗੰਭੀਰ ਸਵੈ-ਪੜਚੋਲ ਦਾ ਨਤੀਜਾ ਹੈ। ਮਾਨ ਨੇ ਕਿਹਾ ਕਿ ਸੰਸਦ ਮੈਂਬਰ ਵਜੋਂ ਉਨ੍ਹਾ ਲੋਕ ਸਭਾ ਵਿੱਚ ਸੜਕ ਹਾਦਸਿਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ, ਕਿਉਂਕਿ ਇਨ੍ਹਾਂ ਹਾਦਸਿਆਂ ਕਾਰਨ ਸੂਬੇ ਵਿੱਚ ਰੋਜ਼ਾਨਾ 12 ਮੌਤਾਂ ਹੁੰਦੀਆਂ ਸਨ। ਉਦੋਂ ਤੋਂ ਹੀ ਉਨ੍ਹਾ ਦੇ ਮਨ ਵਿੱਚ ਇਹ ਸੋਚ ਸੀ ਕਿ ਜਦੋਂ ਕਦੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਲੋਕਾਂ ਦੀ ਜਾਨ ਬਚਾਉਣ ਲਈ ਸਮਰਪਿਤ ਫੋਰਸ ਬਣਾਈ ਜਾਵੇਗੀ ਅਤੇ ਅੱਜ ਉਨ੍ਹਾ ਦਾ ਇਹ ਸੁਪਨਾ ਸਾਕਾਰ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਫੋਰਸ ਦੇ ਗਠਨ ਨਾਲ ਪੁਲਸ ਦੇ ਜਵਾਨ ਆਪਣੀ ਡਿਊਟੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਣਗੇ।
ਉਹਨਾ ਕਿਹਾ ਕਿ ਡਰਾਈਵਿੰਗ ਲਾਇਸੈਂਸਾਂ ਲਈ ਵੀ ਪੁਆਇੰਟਾਂ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਕੇ ਸਜ਼ਾ ਦਿੱਤੀ ਜਾ ਸਕੇ। ਇਹ ਸਮੇਂ ਦੀ ਲੋੜ ਹੈ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਇਆ ਜਾਵੇ। ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਲੜਕੀਆਂ ਪੁਲਸ ਫੋਰਸ ਵਿੱਚ ਸ਼ਾਮਲ ਹੋ ਰਹੀਆਂ ਹਨ ਅਤੇ ਐੱਸ ਐੱਸ ਐੱਫ ਦੇ ਵਾਹਨਾਂ ਦੇ 90 ਡਰਾਈਵਰ ਵੀ ਲੜਕੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਫੋਰਸ 5500 ਕਿਲੋਮੀਟਰ ਰਾਜ ਅਤੇ ਰਾਸ਼ਟਰੀ ਮਾਰਗਾਂ ਨੂੰ ਕਵਰ ਕਰਨ ਲਈ ਸੜਕ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਆਵਾਜਾਈ ਅਤੇ ਸੜਕੀ ਢਾਂਚੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਉਹਨਾ ਚਿੰਤਾ ਜ਼ਾਹਰ ਕੀਤੀ ਕਿ 65 ਫੀਸਦੀ ਸੜਕੀ ਮੌਤਾਂ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਾਪਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਾਤਕ ਹਾਦਸੇ ਸ਼ਾਮ 6:00 ਵਜੇ ਤੋਂ ਰਾਤ 12:00 ਵਜੇ ਦੇ ਦਰਮਿਆਨ ਵਾਪਰਦੇ ਹਨ, ਜਦੋਂ ਇਨ੍ਹਾਂ ਸੜਕਾਂ ’ਤੇ ਪੁਲਸ ਦੀ ਮੌਜੂਦਗੀ ਬਹੁਤ ਘੱਟ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਤੇਜ਼ ਰਫਤਾਰ ਵਾਹਨ ਨੂੰ ਰੋਕਣ ਲਈ ਵਿਸ਼ੇਸ਼ ਸਾਜ਼ੋ-ਸਾਮਾਨ ਨਾਲ ਲੈਸ 129 ਪੈਟਰੋਲਿੰਗ ਵਾਹਨ (ਗਸ਼ਤ ਕਰਨ ਵਾਲੇ ਵਾਹਨ) ਇਨ੍ਹਾਂ ਰੂਟਾਂ ’ਤੇ ਤਾਇਨਾਤ ਕੀਤੇ ਜਾਣਗੇ ਅਤੇ ਵਾਹਨ ਹਰੇਕ 30 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰੇਗਾ। ਐੱਸ ਐੱਸ ਐੱਫ ਦੇ ਪਹਿਲੇ ਪੜਾਅ ਦੇ ਖਾਕੇ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਦੇ ਆਧਾਰ ’ਤੇ ਵਾਹਨ ਸੂਬੇ ਵਿੱਚ ਸਰਗਰਮ ਰਹਿਣਗੇ। ਇਸ ਮੌਕੇ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ, ਗ੍ਰਹਿ ਸਕੱਤਰ ਗੁਰਕੀਰਤ ਕਿ੍ਰਪਾਲ ਸਿੰਘ, ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਐੱਮ ਐੱਫ ਫਾਰੂਕੀ ਅਤੇ ਏ ਐੱਸ ਰਾਏ ਵੀ ਮੌਜੂਦ ਸਨ।





