ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇੰਡੀਆ ਗੱਠਜੋੜ ਨਾਲ ਤੋੜ-ਵਿਛੋੜਾ ਕਰਕੇ ਐਤਵਾਰ ਸਵੇਰੇ 10 ਵਜੇ ਰਾਜਪਾਲ ਨੂੰ ਅਸਤੀਫਾ ਸੌਂਪ ਕੇ ਭਾਜਪਾ ਨਾਲ ਮਿਲ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਸੂਤਰਾਂ ਮੁਤਾਬਕ ਇਹ ਫੈਸਲਾ ਜਨਤਾ ਦਲ (ਯੂਨਾਈਟਿਡ) ਦੀ ਕੋਰ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਸਭ ਦੀਆਂ ਨਜ਼ਰਾਂ ਨਿਤੀਸ਼ ’ਤੇ ਹਨ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਕਾਇਮ ਰੱਖਣ ਖਾਤਰ ਕੀ ਚਾਲ ਚਲਦੇ ਹਨ।
ਉੱਧਰ, ਪਟਨਾ ਵਿਚ ਰਾਜਦ ਦੀ ਬੈਠਕ ਦੌਰਾਨ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ, ਜਿਹੜੇ ਨਿਤੀਸ਼ ਨੂੰ ਕਿਸੇ ਵੇਲੇ ‘ਪਲਟੂ ਚਾਚਾ’ ਕਹਿੰਦੇ ਸਨ, ਨੇ ਦਾਅਵਾ ਕੀਤਾ ਕਿ ‘ਅਸਲੀ ਖੇਲਾ ਹੋਨਾ ਬਾਕੀ ਹੈ।’ ਬੈਠਕ ਵਿਚ ਅੰਤਮ ਫੈਸਲਾ ਲੈਣ ਦਾ ਅਧਿਕਾਰ ਲਾਲੂ ਪ੍ਰਸਾਦ ਨੂੰ ਦਿੱਤਾ ਗਿਆ। ਲਾਲੂ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਅਸਤੀਫਾ ਨਾ ਦੇਣ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਜੀਤਨ ਰਾਮ ਮਾਂਝੀ ਨੂੰ ਫੋਨ ਕਰਕੇ ਇੰਡੀਆ ਗੱਠਜੋੜ ਵਿਚ ਆਉਣ ਦਾ ਸੱਦਾ ਦਿੱਤਾ ਹੈ। ਮਾਂਝੀ ਦੇ ਹਿੰਦੁਸਤਾਨ ਆਵਾਮ ਮੋਰਚਾ ਦੇ 4 ਵਿਧਾਇਕ ਹਨ। ਜੇ ਉਹ ਨਾਲ ਆ ਜਾਣ ਤਾਂ 243 ਮੈਂਬਰੀ ਅਸੰਬਲੀ ਵਿਚ ਇੰਡੀਆ ਦੇ 118 ਵਿਧਾਇਕ ਹੋ ਜਾਣਗੇ। ਇਨ੍ਹਾਂ ਵਿਚ ਰਾਜਦ ਦੇ 79, ਕਾਂਗਰਸ ਦੇ 19 ਅਤੇ ਖੱਬੀਆਂ ਪਾਰਟੀਆਂ ਦੇ 16 ਵਿਧਾਇਕ ਹਨ। ਇਨ੍ਹਾਂ ਤੋਂ ਇਲਾਵਾ ਇਕ ਆਜ਼ਾਦ, ਇਕ ਓਵੈਸੀ ਦੀ ਪਾਰਟੀ ਦਾ ਤੇ ਇਕ ਹੋਰ ਆਪੋਜ਼ੀਸ਼ਨ ਵਿਧਾਇਕ ਹੈ। ਸੂਤਰਾਂ ਮੁਤਾਬਕ ਰਾਜਦ ਰਾਜਪਾਲ ਨਾਲ ਮੁਲਾਕਾਤ ਕਰਕੇ ਨਿਤੀਸ਼ ਸਰਕਾਰ ਦੀ ਹਮਾਇਤ ਵਾਪਸ ਲੈਣ ਦਾ ਪੱਤਰ ਦੇਵੇਗਾ। ਇਸ ਦੇ ਬਾਅਦ ਸਪੀਕਰ ਤੋਂ ਨਿਤੀਸ਼ ਤੋਂ ਫਲੋਰ ਟੈੱਸਟ ਕਰਾਉਣ ਲਈ ਕਹੇਗਾ।
ਇਸੇ ਦੌਰਾਨ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ ਪਾਸਵਾਨ) ਦੇ ਆਗੂ ਚਿਰਾਗ ਪਾਸਵਾਨ ਦੇ ਕਰੀਬੀਆਂ ਦੀ ਮੰਨੀਏ ਤਾਂ ਉਹ ਨਿਤੀਸ਼ ਦੀ ਐੱਨ ਡੀ ਏ ਵਿਚ ਵਾਪਸੀ ਤੋਂ ਚਿੰਤਤ ਹਨ। ਚਿਰਾਗ ਨੇ ਕਿਹਾਸਾਡੀ ਪਾਰਟੀ ਬਿਹਾਰ ਫਸਟ, ਬਿਹਾਰੀ ਫਸਟ ਦੀ ਨੀਤੀ ’ਤੇ ਕੰਮ ਕਰਨਾ ਚਾਹੁੰਦੀ ਹੈ। ਭਾਜਪਾ ਵੱਡੀ ਪਾਰਟੀ ਹੈ, ਪਰ ਉਸ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਉੱਤੇ ਕੰਮ ਕਰਨਾ ਚਾਹੀਦਾ। ਸਾਡੀਆਂ ਸੀਟਾਂ ਘਟਣੀਆਂ ਨਹੀਂ ਚਾਹੀਦੀਆਂ। ਸੂਤਰਾਂ ਮੁਤਾਬਕ ਸਮਝੌਤਾ ਨਾ ਹੋਇਆ ਤਾਂ ਚਿਰਾਗ ਦੀ ਪਾਰਟੀ 23 ਲੋਕ ਸਭਾ ਸੀਟਾਂ ਲੜੇਗੀ।
ਤੇਜਸਵੀ ਨਾਲ ਗੱਲਬਾਤ ’ਤੇ ਚਿਰਾਗ ਨੇ ਕਿਹਾ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਉਹ ਇਸ ਵੇਲੇ ਐੱਨ ਡੀ ਏ ਵਿਚ ਹਨ, ਪਰ ਬਦਲ ਖੁੱਲ੍ਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਨਿਤੀਸ਼ ਨੂੰ ਗੰਢਣ ਦਾ ਫੈਸਲਾ ਆਪਣੇ ਇਕ ਅੰਦਰੂਨੀ ਸਰਵੇ ਤੋਂ ਬਾਅਦ ਕੀਤਾ। ਸਰਵੇ ਮੁਤਾਬਕ ਅਤਿ ਪਿਛੜਾ ਵਰਗ ਦੇ ਜ਼ਿਆਦਾਤਰ ਵੋਟਰ ਲੋਕ ਸਭਾ ਚੋਣਾਂ ਦੌਰਾਨ ਨਿਤੀਸ਼ ਨਾਲ ਬੱਝੇ ਰਹਿ ਸਕਦੇ ਹਨ, ਜਿਸ ਕਰਕੇ ਭਾਜਪਾ ਨੂੰ 10 ਤੋਂ ਵੱਧ ਸੀਟਾਂ ਦਾ ਨੁਕਸਾਨ ਹੋ ਸਕਦਾ ਹੈ। ਹਾਲੀਆ ਜਾਤ ਅਧਾਰਤ ਜਨਗਣਨਾ ਮੁਤਾਬਕ ਬਿਹਾਰ ਵਿਚ ਸਭ ਤੋਂ ਵੱਧ 36 ਫੀਸਦੀ ਆਬਾਦੀ ਅਤਿ ਪਿਛੜਾ ਵਰਗ ਦੀ ਹੈ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਨਿਤੀਸ਼ ਨਾਲ ਮਿਲ ਕੇ 40 ਵਿੱਚੋਂ 39 ਸੀਟਾਂ ਜਿੱਤੀਆਂ ਸਨ। ਇਨ੍ਹਾਂ ਨੂੰ ਕਾਇਮ ਰੱਖਣ ਲਈ ਨਿਤੀਸ਼ ਦੀ ਲੋੜ ਹੈ।





