ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)
ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ’ਚੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ। ਕਥਿਤ ਤੌਰ ’ਤੇ ਵਾਇਰਲ ਵੀਡੀਓ ਵਿੱਚ ਕੁਝ ਨੌਜਵਾਨ ਜੋ ਮੇਲੇ ’ਚ ਲੱਗੇ ਪੰਡਾਲ ਵਿੱਚ ਸੰਗਤਾਂ ਦੀਆਂ ਜੁੱਤੀਆਂ ਗੰਢਣ ਦੀ ਸੇਵਾ ਕਰਨ ਆਏ ਸਨ, ਵੱਲੋਂ ਪੰਡਾਲ ’ਚ ਭਿੰਡਰਾਂਵਾਲੇ ਦੀ ਫੋਟੋ ਲਗਾਈ ਗਈ ਸੀ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਬਰਦਸਤੀ ਉਤਰਵਾ ਦਿੱਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਜ਼ਿਲ੍ਹਾ ਤਰਨ ਤਰਨ ਦੇ ਪ੍ਰਧਾਨ ਹਰਪਾਲ ਸਿੰਘ ਬਲੇਰ ਤੇ ਸਤਿਕਾਰ ਕਮੇਟੀ ਦੇ ਆਗੂ ਰਣਜੀਤ ਸਿੰਘ ਉਦੋਕੇ ਨੇ ਫੋਟੋ ਨੂੰ ਜ਼ਬਰਦਸਤੀ ਉਤਰਵਾਉਣ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਦੱਸਣਾ ਵੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਬੰਧਕ ਕਮੇਟੀ ਦੇ ਵਤੀਰੇ ਸੰਬੰਧੀ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਪ੍ਰਸ਼ਾਸਨ ਨੇ ਕੱਲ੍ਹ ਤੱਕ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਉਹ ਸਮੂਹ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਅਗਲਾ ਕਦਮ ਚੁੱਕਣਗੇ। ਉੱਧਰ ਇਸ ਮਾਮਲੇ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰੀਸਿਮਰਨ ਸਿੰਘ ਨੇ ਪੱਤਰਕਾਰਾਂ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਸੇਵਾ ਕਰ ਰਹੇ ਸਿੰਘਾਂ ਨੂੰ ਕੋਈ ਵੀ ਅੱਪਸਬਦ ਨਹੀਂ ਬੋਲਿਆ। ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜੁੱਤੀਆਂ ਗੰਢਣ ਵਾਲੀ ਥਾਂ ’ਤੇ ਭਿੰਡਰਾਂਵਾਲੇ ਦੀ ਫੋਟੋ ਨਾ ਲਗਾਉਣ ਅਤੇ ਪ੍ਰਬੰਧਕ ਕਮੇਟੀ ਦੀ ਆਗਿਆ ਤੋਂ ਬਿਨ੍ਹਾਂ ਰਸਤੇ ਵਿੱਚ ਤੰਬੂ ਲਗਾਉਣ ਬਾਰੇ ਕਿਹਾ ਸੀ, ਪ੍ਰੰਤੂ ਉਪਰੋਕਤ ਨੌਜਵਾਨਾਂ ਨੇ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ, ਜਿਸ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਵੀਡੀਓ ਵਿੱਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਸੰਗਤਾਂ ਨੂੰ ਇਸ ਤੋੜ-ਮਰੋੜ ਕੇ ਪਾਈ ਗਈ ਵੀਡੀਓ ਨਾਲ ਠੇਸ ਪਹੁੰਚੀ ਹੈ ਤਾਂ ਉਹ ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਦੇ ਹਨ। ਦੱਸਣਯੋਗ ਹੈ ਕਿ ਜਦੋਂ ਉਪਰੋਕਤ ਮਾਮਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਮੇਲੇ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਅੰਦਰ ਡਿਊਟੀ ’ਤੇ ਤਾਇਨਾਤ ਅਫਸਰ ਨੂੰ ਮੈਮੋਰੰਡਮ ਸੌਂਪ ਕੇ ਬਾਹਰ ਆਏ ਤਾਂ ਗੁੱਸੇ ਵਿੱਚ ਭੀੜ ਨੇ ਪੁਲਸ ਮੁਲਾਜ਼ਮ ਦੀ ਗੱਡੀ, ਜਿਸ ਵਿੱਚ ਕਰਨਲ ਹਰੀਸਿਮਰਨ ਸਿੰਘ ਸਵਾਰ ਸਨ, ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਭੀੜ ਨੇ ਕਰਨਲ ਹਰੀਸਿਮਰਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਅਤੇ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੱਤੀ। ਡੀ ਐੱਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਉਨ੍ਹਾ ਵੱਲੋਂ ਸੋਮਵਾਰ ਦੋਵਾਂ ਧਿਰਾਂ ਨੂੰ ਬੁਲਾ ਕੇ ਸਾਰੇ ਮਨ-ਮੁਟਾਅ ਦੂਰ ਕਰਵਾਏ ਜਾਣਗੇ। ਉਨ੍ਹਾ ਸਮੂਹ ਸਿੱਖ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।





