ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਹਰਿਆਣਾ ਦੇ ਜੀਂਦ ਵਿੱਚ ਚੋਣ ਰੈਲੀ ਕੀਤੀ। ਰੈਲੀ ਵਿੱਚ ਆਮ ਆਦਮੀ ਪਾਰਟੀ ਹਰਿਆਣਾ ਇਕਾਈ ਦੇ ਸਾਰੇ ਆਗੂ ਅਤੇ ਇੱਕ ਲੱਖ ਤੋਂ ਵੱਧ ਲੋਕ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਏਨੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਹਰਿਆਣਾ ਦੇ ਲੋਕ ਇਸ ਵਾਰ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ। ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ‘ਹਰਿਆਣਾ ਦਾ ਪੁੱਤ’ ਦੱਸਦਿਆਂ ਕਿਹਾ ਕਿ ਕੇਜਰੀਵਾਲ ਸਿਆਸਤ ’ਚੋਂ ਭਿ੍ਰਸ਼ਟਾਚਾਰ ਖਤਮ ਕਰਨ ਆਇਆ ਹੈ। ਉਨ੍ਹਾ ਦਿੱਲੀ ਵਿੱਚ ਭਿ੍ਰਸ਼ਟਾਚਾਰ ਨੂੰ ਖਤਮ ਕੀਤਾ, ਇਸ ਲਈ ਦਿੱਲੀ ਦੇ ਲੋਕਾਂ ਨੇ ਦੋ ਵਾਰ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਜਦੋਂ ਉਨ੍ਹਾ ਦੇ ਕੰਮਾਂ ਦੀ ਗੂੰਜ ਪੰਜਾਬ ਤੱਕ ਪਹੁੰਚੀ ਤਾਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਵੀ 117 ਵਿੱਚੋਂ 92 ਸੀਟਾਂ ਜਿੱਤ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਹੁਣ ਹਰਿਆਣਾ ਦੀ ਵਾਰੀ ਹੈ। ਇਸ ਵਾਰ ਹਰਿਆਣਾ ਵਿੱਚ ਵੀ ਦਿੱਲੀ ਅਤੇ ਪੰਜਾਬ ਵਾਂਗ ‘ਆਪ’ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ।
ਕੇਜਰੀਵਾਲ ਅਤੇ ਮਾਨ ਪੰਜਾਬ ਦੇ ਕਰੀਬ ਇੱਕ ਲੱਖ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਲੈ ਕੇ ਜੀਂਦ ਰੈਲੀ ਵਿੱਚ ਪਹੁੰਚੇ ਸਨ। ਉਨ੍ਹਾਂ ਵਿੱਚੋਂ ਕੁਝ ਦੇ ਬਿਜਲੀ ਬਿੱਲ ਦਿਖਾਉਂਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਸੀਂ ਗਾਰੰਟੀ ਦਿੱਤੀ ਸੀ ਕਿ ਉਹ ਸਾਨੂੰ ਇੱਕ ਮੌਕਾ ਦੇਣ। ਸਰਕਾਰ ਬਣਨ ਤੋਂ ਬਾਅਦ ਅਸੀਂ ਸਾਰੇ ਲੋਕਾਂ ਲਈ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਮੁਫਤ ਕਰ ਦੇਵਾਂਗੇ ਅਤੇ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੇ ਲੋਕਾਂ ਨੂੰ ਜੁਲਾਈ 2022 ਤੋਂ ਜ਼ੀਰੋ ਬਿਜਲੀ ਦੇ ਬਿੱਲ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਇਸ ਬਿੱਲ ’ਤੇ ਭਰੋਸਾ ਨਹੀਂ ਹੈ ਤਾਂ ਪੰਜਾਬ ਹਰਿਆਣਾ ਤੋਂ ਬਿਲਕੁਲ ਅੱਗੇ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਫੋਨ ’ਤੇ ਜਾਣ-ਪਛਾਣ ਵਾਲੇ ਲੋਕਾਂ ਨਾਲ ਗੱਲ ਕਰਕੇ ਇਹ ਪੁੱਛ ਸਕਦੇ ਹੋ। ਅਸੀਂ ਭਾਜਪਾ ਵਾਂਗ ਜੁਮਲੇ ਨਹੀਂ ਕਹਿੰਦੇ, ਅਸੀਂ ਜੋ ਵਾਅਦਾ ਕਰਦੇ ਹਾਂ, ਉਹ ਪੂਰਾ ਕਰਦੇ ਹਾਂ। ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਬਚਪਨ ’ਚ ਰੇਲ ਗੱਡੀਆਂ ’ਚ ਚਾਹ ਵੇਚਦੇ ਸਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾ ਰੇਲਵੇ ਨੂੰ ਵੇਚ ਦਿੱਤਾ। ਮੋਦੀ ਸਰਕਾਰ ਨੇ ਦੇਸ਼ ਦੀਆਂ ਦਰਜਨਾਂ ਸਰਕਾਰੀ ਕੰਪਨੀਆਂ ਵੇਚ ਦਿੱਤੀਆਂ। ਉਨ੍ਹਾ ਸਿਰਫ ਆਪਣੇ ਕਾਰਪੋਰੇਟ ਦੋਸਤਾਂ ਲਈ ਕੰਮ ਕੀਤਾ।
ਕੇਜਰੀਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜੇਗੀ। ਉਨ੍ਹਾ ਹਰਿਆਣਾ ਦੇ ਲੋਕਾਂ ਨੂੰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰਿਆਣਾ ਦੇ ਇੱਕ ਪਾਸੇ ਦਿੱਲੀ ਹੈ ਅਤੇ ਦੂਜੇ ਪਾਸੇ ਪੰਜਾਬ ਹੈ। ਦੋਵਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਲਈ ਇਸ ਵਾਰ ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਹੈ।




