ਕਾਮਰੇਡ ਹੁਕਮ ਚੰਦ ਜਿੰਦਲ ਨੂੰ ਇਨਕਲਾਬੀ ਸ਼ਰਧਾਂਜਲੀ

0
182

ਬਠਿੰਡਾ (ਬਖਤੌਰ ਢਿੱਲੋਂ)
ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਹੁਕਮ ਚੰਦ ਜਿੰਦਲ ਨਮਿਤ ਸ਼ਰਧਾਂਜਲੀ ਸਮਾਗਮ ਪਟੇਲ ਨਗਰ ਦੇ ਮਾਤਾ ਵੈਸ਼ਨੂੰ ਦੇਵੀ ਮੰਦਰ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਇਨਕਲਾਬੀ ਜਥੇਬੰਦੀਆਂ, ਰਾਜਨੀਤਕ, ਸਾਹਿਤਕ ਅਤੇ ਸਮਾਜਕ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਕਾਮਰੇਡ ਜਿੰਦਲ ਨੂੰ ਸ਼ਰਧਾਂਜਲੀ ਅਰਪਤ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਅਤੇ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਾਮਰੇਡ ਜਿੰਦਲ ਦਾ ਸਮੁੱਚਾ ਜੀਵਨ ਲੋਕ ਸੰਘਰਸ਼ਾਂ ਨੂੰ ਪਰਣਾਇਆ ਹੋਇਆ ਸੀ ਅਤੇ ਉਹਨਾ ਵੱਖ-ਵੱਖ ਇਤਿਹਾਸਕ ਲੋਕ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਨਵੀਂਆਂ ਪਿਰਤਾਂ ਪਾਈਆਂ। ਅਕਤੂਬਰ ਪਿ੍ਰੰਟਿੰਗ ਪ੍ਰੈੱਸ ਦੀ ਸਥਾਪਨਾ ਕਰਕੇ ਲੋਕ-ਪੱਖੀ, ਅਗਾਂਹਵਾਧੂ ਅਤੇ ਇਨਕਲਾਬੀ ਸਾਹਿਤ ਛਾਪਣਾ ਅਤੇ ਵੰਡਣਾ ਇੱਕ ਵੱਡਾ ਇਤਿਹਾਸਕ ਕਾਰਜ ਸੀ, ਜੋ ਕਾਮਰੇਡ ਜਿੰਦਲ ਦੇ ਹਿੱਸੇ ਆਇਆ। ਆਗੂਆਂ ਨੇ ਭਰੇ ਮਨ ਨਾਲ ਉਹਨਾ ਵੱਲੋਂ ਕੀਤੇ ਇਨਕਲਾਬੀ ਕੰਮਾਂ ਨੂੰ ਵਿਸਥਾਰ ਨਾਲ ਯਾਦ ਕੀਤਾ ਅਤੇ ਪ੍ਰਣ ਲੈਂਦਿਆਂ ਕਿਹਾ ਕਿ ਉਹ ਕਾਮਰੇਡ ਜਿੰਦਲ ਦੀ ਸੋਚ ਦਾ ਝੰਡਾ ਹਮੇਸ਼ਾ ਹੋਰ ਉੱਚਾ ਚੁੱਕਣਗੇ।
ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਕਿਹਾ ਕਿ ਪਰਵਾਰਾਂ ਲਈ ਸੰਘਰਸ਼ਾਂ ਵਿੱਚ ਔਰਤਾਂ ਜਾਂ ਧੀਆਂ ਨੂੰ ਤੋਰਨਾ ਸੌਖਾ ਨਹੀਂ ਹੁੰਦਾ, ਪਰ ਹੁਕਮ ਚੰਦ ਜੀ ਅਗਾਂਹਵਧੂ ਸੋਚ ਦੇ ਧਾਰਨੀ ਸਨ, ਜੋ ਇਹ ਸਮਝਦੇ ਸਨ ਕਿ ਸਮਾਜ ਦਾ ਅੱਧਾ ਹਿੱਸਾ ਔਰਤਾਂ ਹਨ ਤੇ ਇਹਨਾਂ ਤੋਂ ਬਗੈਰ ਕੋਈ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਇਸੇ ਬਦੌਲਤ ਉਹਨਾ ਆਪਣੀਆਂ ਧੀਆਂ ਨੂੰ ਵੀ ਇਸ ਪਾਸੇ ਤੋਰਿਆ। ਸਰਬ ਭਾਰਤ ਨੌਜਵਾਨ ਸਭਾ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾਈ ਆਗੂ ਪਰਮਜੀਤ ਸਿੰਘ ਢਾਬਾਂ ਅਤੇ ‘ਤਾਸਮਨ’ ਸਾਹਿਤਕ ਰਸਾਲੇ ਦੇ ਸੰਪਾਦਕ ਸਤਪਾਲ ਭੀਖੀ ਨੇ ਕਿਹਾ ਕਿ ਕਾਮਰੇਡ ਜਿੰਦਲ ਨੇ ਆਪਣੀ ਜ਼ਿੰਦਗੀ ਵਿੱਚ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਸੰਘਰਸ਼ਾਂ ਵਿੱਚ ਲਿਆਉਣ ਲਈ ਹਮੇਸ਼ਾ ਅਹਿਮ ਰੋਲ ਅਦਾ ਕੀਤਾ ਹੈ। ਉਹਨਾ ਆਪਣੇ ਬੇਟੇ ਸੁਮੀਤ ਸ਼ੰਮੀ ਅਤੇ ਦੋ ਬੇਟੀਆਂ ਨਵਨੀਤ ਨੀਤੂ ਅਤੇ ਅਪਨੀਤ ਅੱਪੂ ਨੂੰ ਵੀ ਇਨਕਲਾਬੀ ਸੰਘਰਸ਼ਾਂ ਵਿੱਚ ਕੰਮ ਕਰਨ ਲਈ ਪ੍ਰੇਰਿਆ, ਜਿਸ ਦੀ ਬਦੌਲਤ ਉਹਨਾ ਦਾ ਪੁੱਤਰ ਸੁਮੀਤ ਸ਼ਮੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕਿਆ ਹੈ ਅਤੇ ਹੁਣ ਸਾਹਿਤ ਦੇ ਖੇਤਰ ਵਿੱਚ ‘ਤਾਸਮਨ’ ਮੈਗਜ਼ੀਨ ਦਾ ਸਹਾਇਕ ਸੰਪਾਦਕ ਹੈ। ਉਹਨਾ ਦੇ ਭਾਣਜੇ ਪ੍ਰਦੀਪ ਗੋਲਾ ਐੱਮ ਸੀ ਨੇ ਕਿਹਾ ਕਿ ਭਾਵੇਂ ਕਾਮਰੇਡ ਜਿੰਦਲ ਜੀ ਅੱਜ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹਨਾ ਵੱਲੋਂ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਕੀਤੇ ਕੰਮ ਅਤੇ ਉਹਨਾ ਦੀ ਸੋਚ ਹਮੇਸ਼ਾ ਸਮਾਜ ਵਿੱਚ ਜ਼ਿੰਦਾ ਰਹਿਣਗੇ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਉਹਨਾ ਦੇ ਇਹਨਾਂ ਕੀਤੇ ਕੰਮਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਦੇ ਰਹਿਣਗੇ। ਆਗੂਆਂ ਨੇ ਸਮੁੱਚੇ ਤੌਰ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਾਮਰੇਡ ਜਿੰਦਲ ਸੱਚਮੁੱਚ ਇੱਕ ਸ਼ਾਨਦਾਰ ਕਮਿਊਨਿਸਟ ਸਨ ਅਤੇ ਉਹਨਾ ਵੱਲੋਂ ਇਨਕਲਾਬੀ ਸੰਘਰਸ਼ਾਂ ਵਿੱਚ ਪਾਇਆ ਯੋਗਦਾਨ ਹਮੇਸ਼ਾ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਰਹੇਗਾ।
‘ਤਾਸਮਨ’ ਮੈਗਜ਼ੀਨ ਦੇ ਪ੍ਰਬੰਧਕੀ ਅਤੇ ਸੰਪਾਦਕੀ ਬੋਰਡ ਵੱਲੋਂ ਕਾਮਰੇਡ ਜਿੰਦਲ ਦੀ ਯਾਦ ਵਿੱਚ ‘ਤਾਸਮਨ ਸ਼ਬਦ ਪ੍ਰਵਾਹ ਪੁਰਸਕਾਰ’ ਉਘੇ ਸਾਹਿਤਕਾਰ ਰਾਜਿੰਦਰ ਬਿਮਲ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਸਪਾਲ ਮਾਨਖੇੜਾ ਅਤੇ ਜਰਨੈਲ ਸਿੰਘ ਨੇ ਵੀ ਕਾਮਰੇਡ ਜਿੰਦਲ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਂਜਲੀ ਸਮਾਗਮ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੌਮੀ ਕੌਂਸਲ ਮੈਂਬਰ ਕਰਮਵੀਰ ਬੱਧਨੀ, ਸਾਬਕਾ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਬਲਕਰਨ ਬਰਾੜ, ਜਗਜੀਤ ਜੋਗਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਸੂਬਾ ਸਕੱਤਰ ਪਿ੍ਰਤਪਾਲ ਪੰਜਾਬੀ ਯੂਨੀਵਰਸਿਟੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੰਤੋਖ ਸਿੰਘ ਸੁੱਖੀ, ਬਲਵਿੰਦਰ ਭੱਟੀ, ਦੀਪਕ ਧਲੇਵਾਂ, ਕਹਾਣੀਕਾਰ ਦਰਸ਼ਨ ਜੋਗਾ, ਨਿਰੰਜਣ ਬੋਹਾ, ਆਗਾਜਬੀਰ, ਰਾਣਾ ਰਣਬੀਰ, ਸਾਬਕਾ ਸੂਬਾ ਸਕੱਤਰ ਵਰਿੰਦਰ ਖੁਰਾਣਾ, ਗੁਰਜੰਟ ਸਿੰਘ ਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here