ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੋਮਵਾਰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ-ਨਿਯੁਕਤ ਰਾਜ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦਾ ਹਲਫ ਦਿਵਾਇਆ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਮ ਸ਼ੰਕਰ ਜਿੰਪਾ ਤੇ ਗੁਰਮੀਤ ਸਿੰਘ ਖੁੱਡੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ ਕੇ ਸਿੰਘ, ਡੀ ਜੀ ਪੀ ਗੌਰਵ ਯਾਦਵ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਸਿੰਘ ਪਨੂੰ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗੁਰਪ੍ਰਤਾਪ ਸਿੰਘ ਮਾਨ, ਸੁਪ੍ਰੀਤ ਘੁੰਮਣ ਤੇ ਹਰਮੋਹਨ ਕੌਰ ਸੰਧੂ, ਰਾਜ ਸੂਚਨਾ ਕਮਿਸ਼ਨਰ ਅਸਿਤ ਜੌਲੀ ਤੇ ਅੰਮਿ੍ਰਤ ਪ੍ਰਤਾਪ ਸਿੰਘ ਸੇਖੋਂ ਤੋਂ ਇਲਾਵਾ ਸਿਵਲ ਤੇ ਪੁਲਸ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਵ-ਨਿਯੁਕਤ ਚੇਅਰਮੈਨ ਤੇ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਪਰਵਾਰਕ ਮੈਂਬਰ ਅਤੇ ਸ਼ੁਭਚਿੰਤਕ ਮੌਜੂਦ ਸਨ।
ਔਲਖ ਪੰਜਾਬ ਪੁਲਸ ਵਿੱਚ 33 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਏ ਡੀ ਜੀ ਪੀ ਦੇ ਰੈਂਕ ਉੱਤੇ ਇੰਟੈਲੀਜੈਂਸ ਚੀਫ ਵਜੋਂ ਸੇਵਾਮੁਕਤ ਹੋਏ ਸਨ। ਰਾਜ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੇ ਉੱਘੇ ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਰਪੁਰ ਦੇ ਵਸਨੀਕ ਹਨ। ਇੰਦਰਪਾਲ ਸਿੰਘ ਨੇ ਕਾਨੂੰਨੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਉਹ ਬਿ੍ਰਟਿਸ਼ ਹਾਈ ਕਮਿਸ਼ਨ ਲਈ ਸਟੈਂਡਿੰਗ ਕੌਂਸਲ, ਪੈਨਲ ਭਾਰਤੀ ਯੂਨੀਅਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਕੌਂਸਲ ਮੈਂਬਰ ਚੁਣੇ ਗਏ।
ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਉਪ ਚੇਅਰਮੈਨ ਚੁਣੇ ਗਏ। ਉਨ੍ਹਾ ਨੂੰ 20 ਅਗਸਤ 2022 ਨੂੰ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।





