ਲੁਧਿਆਣਾ, (ਐੱਮ ਐੱਸ ਭਾਟੀਆ)-ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਲਈ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਜਥੇਬੰਦੀਆਂ ਦੀ ਹੋਈ ਮੀਟਿੰਗ ਨੇ ਇੱਕ ਵੱਡੀ ਕਨਵੈਨਸ਼੍ਨ ਦਾ ਰੂਪ ਧਾਰਨ ਕਰ ਲਿਆ। ਇਸ ਭਰਵੀਂ ਮੀਟਿੰਗ ਵਿੱਚ ਆੜ੍ਹਤੀ ਐਸੋਸੀਏਸ਼ਨਾਂ, ਦੋਧੀ ਡੇਅਰੀ ਦੇ ਧੰਦੇ ਨਾਲ ਜੁੜੀਆਂ ਜਥੇਬੰਦੀਆਂ, ਪੇਂਡੂ/ ਖੇਤ ਮਜ਼ਦੂਰ, ਉਸਾਰੀ ਅਤੇ ਮਨਰੇਗਾ ਕਾਮੇ, ਬਿਜਲੀ, ਰੋਡਵੇਜ਼, ਰੇਲਵੇ, ਬੈਂਕ, ਅਧਿਆਪਕ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ, ਵਿਦਿਆਰਥੀ, ਨੌਜਵਾਨ ਅਤੇ ਔਰਤਾਂ ਦੀਆਂ 60 ਦੇ ਲਗਭਗ ਜਥੇਬੰਦੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣ ਦਾ ਅਹਿਦ ਲਿਆ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਲਬੀਰ ਸਿੰਘ ਰਾਜੇਵਾਲ, ਪਰਮਿੰਦਰ ਸਿੰਘ ਪਾਲ ਮਾਜਰਾ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਡਾ. ਸਤਨਾਮ ਸਿੰਘ ਅਜਨਾਲਾ, ਮੇਜਰ ਸਿੰਘ ਪੁੰਨਾਵਾਲ, ਮਨਜੀਤ ਸਿੰਘ ਧਨੇਰ ਅਤੇ ਟਰੇਡ ਯੂਨੀਅਨਾਂ ਵੱਲੋਂ ਨਿਰਮਲ ਸਿੰਘ ਧਾਲੀਵਾਲ, ਚੰਦਰ ਸ਼ੇਖਰ, ਜਗਦੀਸ਼ ਚੰਦ ਤੇ ਮੰਗਤ ਰਾਮ ਲੌਂਗੋਵਾਲ ਸ਼ਾਮਲ ਸਨ।
ਸ਼ੁਰੂਆਤੀ ਤੌਰ ’ਤੇ ਬਲਬੀਰ ਸਿੰਘ ਰਾਜੇਵਾਲ, ਰਾਮਿੰਦਰ ਸਿੰਘ ਪਟਿਆਲਾ, ਨਿਰਮਲ ਸਿੰਘ ਧਾਲੀਵਾਲ ਅਤੇ ਚੰਦਰ ਸ਼ੇਖਰ ਨੇ ਸਾਰੀਆਂ ਜਥੇਬੰਦੀਆਂ ਸਾਹਮਣੇ ਅਜੰਡਾ ਪੇਸ਼ ਕਰਦਿਆਂ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ, ਸਿੱਖਿਆ, ਟਰਾਂਸਪੋਰਟ, ਬਿਜਲੀ ਸਮੇਤ ਪਬਲਿਕ ਸੈਕਟਰ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਸਖਤ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਮੋਦੀ ਸਰਕਾਰ ਕਿਸਾਨਾਂ ਦੀਆਂ ਐੱਮ ਐੱਸ ਪੀ ਅਤੇ ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਨਾਲ ਸੰਬੰਧਤ ਮਾਮਲਿਆਂ ਨੂੰ ਮੰਨਣ ਦਾ ਲਿਖਤੀ ਵਾਅਦਾ ਕਰਕੇ ਮੁੱਕਰ ਗਈ ਹੈ। ਉਸ ਨੇ ਇਕੱਲਾ ਕਿਸਾਨਾਂ ਨਾਲ ਹੀ ਵਿਸ਼ਵਾਸਘਾਤ ਨਹੀਂ ਕੀਤਾ, ਬਲਕਿ ਸਮਾਜ ਦੇ ਹਰ ਤਬਕਾ ਚਾਹੇ ਉਹ ਮਜ਼ਦੂਰ ਹੋਣ, ਚਾਹੇ ਵਪਾਰੀ ਹੋਣ, ਚਾਹੇ ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹੋਣ, ਸਭ ਨੂੰ ਹੀ ਆਪਣੀਆਂ ਤਬਾਹਕੁੰਨ ਨੀਤੀਆਂ ਦਾ ਸ਼ਿਕਾਰ ਬਣਾਇਆ ਹੈ। ਚਾਰ ਲੇਬਰ ਕੋਡ, ਅਗਨੀਵੀਰ ਸਕੀਮ, ਕੌਮੀ ਸਿੱਖਿਆਂ ਨੀਤੀ ਅਤੇ ਹੁਣ ਹਿੱਟ ਐਂਡ ਰਨ ਕਾਨੂੰਨ ਆਦਿ ਇੱਕ ਤੋਂ ਬਾਅਦ ਇੱਕ ਮਾਮਲਾ ਇਸ ਦੇ ਗਵਾਹ ਹਨ। ਉਨ੍ਹਾਂ ਸਾਰੀਆਂ ਜਥੇਬੰਦੀਆਂ ਤੇ ਹਰੇਕ ਵਰਗ ਤੋਂ 16 ਫਰਵਰੀ ਦੇ ਭਾਰਤ ਬੰਦ ਲਈ ਸਹਿਯੋਗ ਅਤੇ ਸਮਰਥਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹਾਜ਼ਰ ਜਥੇਬੰਦੀਆਂ ਵਿੱਚੋਂ ਬਿਜਲੀ ਅਤੇ ਰੋਡਵੇਜ਼ ਨਾਲ ਸਬੰਧਤ ਜਥੇਬੰਦੀਆਂ ਨੇ ਜਾਣਕਾਰੀ ਦਿੱਤੀ ਕਿ ਉਹ 16 ਨੂੰ ਮੁਕੰਮਲ ਹੜਤਾਲ ਲਈ ਤਿਆਰੀ ਸ਼ੁਰੂ ਕਰ ਚੁੱਕੇ ਹਨ, ਇਸ ਸੰਬੰਧੀ ਮਹਿਕਮੇ ਨੂੰ ਨੋਟਿਸ ਦੇ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫੋਰਮ ਨੇ ਦੱਸਿਆ ਕਿ ਉਨ੍ਹਾਂ 27 ਜਨਵਰੀ ਨੂੰ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਹੜਤਾਲ ਕਰਨ ਸੰਬੰਧੀ ਨੋਟਿਸ ਭੇਜ ਦਿੱਤਾ ਹੈ, ਹੁਣ ਜ਼ਿਲ੍ਹਿਆਂ ਵਿੱਚ 2 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਪੰਜਾਬ ਸਰਕਾਰ ਨੂੰ ਹੜਤਾਲ ਕਰਨ ਸੰਬੰਧੀ ਨੋਟਿਸ ਭੇਜੇ ਜਾਣਗੇ। ਸਨਅਤੀ ਖੇਤਰ ਦੀਆਂ ਜਥੇਬੰਦੀਆਂ ਨੇ ਹੜਤਾਲ ਸੰਬੰਧੀ 1 ਫਰਵਰੀ ਤੱਕ ਮੈਨੇਜਮੈਂਟਾਂ ਨੂੰ ਨੋਟਿਸ ਦੇਣ ਦੀ ਜਾਣਕਾਰੀ ਸਾਂਝੀ ਕੀਤੀ। ਬੈਂਕ ਅਤੇ ਰੇਲਵੇ ਨਾਲ ਸੰਬੰਧਤ ਜੱਥੇਬੰਦੀਆਂ ਨੇ ਇੱਕ ਅੱਧੇ ਦਿਨ ਵਿਚ ਇਸ ਸੰਬੰਧੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਦੀਆਂ ਦੋਵੇਂ ਵੱਡੀਆਂ ਆੜ੍ਹਤੀ ਐਸੋਸੀਏਸ਼ਨਾਂ ਨੇ ਉਸ ਦਿਨ ਸਾਰੀਆਂ ਮੰਡੀਆਂ ਬੰਦ ਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਖਰੀਦ ਕੇਂਦਰ, ਉਨ੍ਹਾਂ ਦੇ ਮੁਨੀਮ ਅਤੇ ਮਜ਼ਦੂਰ ਭਾਰਤ ਬੰਦ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣਗੇ। ਵਿਦਿਆਰਥੀ ਜਥੇਬੰਦੀਆਂ ਨੇ ਕੌਮੀ ਸਿੱਖਿਆਂ ਨੀਤੀ 2020 ਨੂੰ ਰੱਦ ਕਰਨ ਦੀ ਮੰਗ ਨੂੰ ਮੰਗਾਂ ਵਿਚ ਜੋੜਣ ਦੀ ਅਪੀਲ ਕੀਤੀ।
ਉਸਾਰੀ ਅਤੇ ਨਿਰਮਾਣ ਖੇਤਰ ਦੀਆਂ ਜਥੇਬੰਦੀਆਂ ਨੇ 16 ਨੂੰ ਸਾਰੇ ਕੰਮ ਠੱਪ ਰੱਖ ਕੇ ਕਿਸਾਨਾਂ ਦੇ ਇਕੱਠਾਂ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਪਿੰਡਾਂ ਵਿੱਚ ਬੰਦ ਦੇ ਪ੍ਰਚਾਰ ਨੂੰ ਲੈ ਕੇ ਜਾਣ ਦਾ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਟਰਾਂਸਪੋਰਟ ਖੇਤਰ ਨਾਲ ਜੁੜੀਆਂ ਹੋਈਆਂ ਸਾਰੀਆਂ ਜੱਥੇਬੰਦੀਆਂ ਅਤੇ ਸਮੁੱਚੇ ਵਪਾਰ ਮੰਡਲਾਂ ਤੱਕ ਪਹੁੰਚ ਕਰਕੇ ਬੰਦ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਵੇ।
ਇਸ ਨੂੰ ਜ਼ਿਲ੍ਹਾ ਪੱਧਰ ’ਤੇ ਲਾਗੂ ਕਰਨ ਲਈ 2 ਫਰਵਰੀ ਨੂੰ ਜ਼ਿਲ੍ਹਿਆਂ ਵਿੱਚ 12 ਵਜੇ ਤਾਲਮੇਲ ਮੀਟਿੰਗਾਂ ਕੀਤੀਆਂ ਜਾਣਗੀਆਂ। ਅੱਗੇ ਅਜਿਹੀਆਂ ਮੀਟਿੰਗਾਂ 5 ਫਰਵਰੀ ਨੂੰ ਤਹਿਸੀਲ ਪੱਧਰ ’ਤੇ ਵੀ ਕੀਤੀਆਂ ਜਾਣਗੀਆਂ।
ਮੀਟਿੰਗ ਨੇ ਸਾਂਝੇ ਰੂਪ ਵਿੱਚ ਫੈਸਲਾ ਕੀਤਾ ਕਿ 16 ਫਰਵਰੀ ਨੂੰ ਸਵੇਰ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ। ਇਸ ਬੰਦ ਦੌਰਾਨ ਬਰਾਤਾਂ, ਐਂਬੂਲੈਂਸ ਅਤੇ ਮਰਗ ਨਾਲ ਸੰਬੰਧਤ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦੋਵੇਂ ਆੜ੍ਹਤੀ ਐਸੋਸੀਏਸ਼ਨਾਂ, ਏਟਕ, ਸੀਟੂ, ਇਫਟੂ, ਏਕਟੂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨਰੇਗਾ ਮਜ਼ਦੂਰ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਜਾਇੰਟ ਫੋਰਮ ਬਿਜਲੀ ਬੋਰਡ, ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਉਸਾਰੀ ਅਤੇ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਪਨਬੱਸ ਕੰਟਰੈਕਟ ਯੂਨੀਅਨ, ਆਂਗਨਵਾੜੀ ਮੁਲਾਜ਼ਮ ਯੂਨੀਅਨ, ਗੌਰਮਿੰਟ ਮੋਟਰ ਵਰਕਰ ਯੂਨੀਅਨ, ਹੀਰੋ ਸਾਈਕਲ ਅਤੇ ਮੋਟਰ ਵਰਕਰ ਯੂਨੀਅਨ, ਪੈਪਸੀਕੋ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਅਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਮੋਰਚਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਨਾਰਦਰਨ ਰੇਲਵੇ ਵਰਕਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ, ਦੋਧੀ ਡੇਅਰੀ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਮੈਡੀਕਲ ਪ੍ਰੈਕਟੀਸਨਰਸ਼ ਐਸੋਸੀਏਸ਼ਨ, ਕੁੱਲ ਹਿੰਦ ਯੂਥ ਫੈਡਰੇਸ਼ਨ, ਇਸਤਰੀ ਜਾਗਿ੍ਰਤੀ ਮੰਚ, ਪੰਜਾਬ ਇਸਤਰੀ ਸਭਾ ਅਤੇ ਮਜ਼ਦੂਰ ਅਧਿਕਾਰ ਸੁਰਕਸ਼ਾ ਅਭਿਆਨ ਸਮੇਤ ਕਈ ਹੋਰ ਜਥੇਬੰਦੀਆਂ ਨੇ ਭਾਗ ਲਿਆ।