31.4 C
Jalandhar
Sunday, November 3, 2024
spot_img

ਔਰਤਾਂ ਦੀ ਸੁਰੱਖਿਆ ਤੇ ਸਨਮਾਨ ਲਈ ਆਵਾਜ਼ ਬੁਲੰਦ ਕਰਨੀ ਜ਼ਰੂਰੀ : ਸੋਹਲ

ਕੋਟਕਪੂਰਾ (ਰਸ਼ਪਾਲ ਭੁੱਲਰ)-ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੇ ਸੱਦੇ ਤਹਿਤ ‘ਔਰਤਾਂ ਦੇ ਸਨਮਾਨ ਵਿੱਚ ਪੰਜਾਬ ਇਸਤਰੀ ਸਭਾ ਮੈਦਾਨ ਵਿੱਚ’ ਮੁਹਿੰਮ ਦਾ ਆਗਾਜ਼ ਫਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤੋਂ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਵੀਰਪਾਲ ਬੱਗੇਆਣਾ ਤੇ ਰੁਪਿੰਦਰ ਔਲਖ ਨੇ ਕੀਤੀ। ਜ਼ਿਲਾ ਪ੍ਰਧਾਨ ਮਨਜੀਤ ਨੱਥੇਆਲਾ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਦੀ ਮਹੱਤਤਾ ਉਤੇ ਚਾਨਣਾ ਪਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਕਿਹਾ ਕਿ ਔਰਤਾਂ ਹਮੇਸ਼ਾ ਜ਼ੁਲਮ ਵਿਰੁੱਧ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਆਪਣਾ ਬਣਦਾ ਹਿੱਸਾ ਪਾਉਦੀਆਂ ਰਹੀਆਂ ਹਨ। ਔਰਤਾਂ ਦੇ ਹੱਕਾਂ, ਹਿੱਤਾਂ ਲਈ ਹਮੇਸ਼ਾ ਸੰਘਰਸ਼ ਕਰਨ ਵਾਲੀ ਜਥੇਬੰਦੀ ਪੰਜਾਬ ਇਸਤਰੀ ਸਭਾ ਦਾ ਸ਼ਾਨਦਾਰ ਇਤਿਹਾਸ ਹੈ, ਜੋ ਸਾਨੂੰ ਹਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਹੁਣ ਜਦੋਂ ਮੋਦੀ ਸਰਕਾਰ ਦੌਰਾਨ ਔਰਤਾਂ ਉਤੇ ਜ਼ੁਲਮ ਲਗਾਤਾਰ ਵਧ ਰਹੇ ਹਨ ਅਤੇ ਉਹਨਾਂ ਦੀ ਇੱਜ਼ਤ-ਆਬਰੂ ਸੁਰੱਖਿਅਤ ਨਹੀਂ ਰਹੀ, ਸਾਡਾ ਫਰਜ਼ ਬਣਦਾ ਹੈ ਕਿ ਇਸ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰੀਏ। ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਬਹਾਲ ਕਰਵਾਉਣ ਲਈ ਪੂਰੇ ਦੇਸ਼ ਵਿੱਚ 30 ਜਨਵਰੀ ਤੋਂ 15 ਫਰਵਰੀ ਤੱਕ ‘ਔਰਤਾਂ ਦੇ ਸਨਮਾਨ ਵਿੱਚ, ਪੰਜਾਬ ਇਸਤਰੀ ਸਭਾ ਮੈਦਾਨ ਵਿੱਚ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਆਪਾਂ ਕੋਟਕਪੂਰਾ ਜ਼ਿਲਾ ਫਰੀਦਕੋਟ ਤੋਂ ਕਰ ਰਹੇ ਹਾਂ। ਪੰਜਾਬ ਇਸਤਰੀ ਸਭਾ ਇਸ ਮੁਹਿੰਮ ਰਾਹੀਂ ਆਮ ਲੁਕਾਈ ਦੀਆਂ ਹੋਰ ਅਹਿਮ ਮੰਗਾਂ, ਜਿਵੇਂ ਰੁਜ਼ਗਾਰ, ਸਿੱਖਿਆ, ਨਰੇਗਾ ਆਦਿ ਬਾਰੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕਰੇਗੀ। ਸਾਡੀ ਸਭ ਦੀ ਏਕਤਾ ਹੀ ਫਿਰਕਾਪ੍ਰਸਤ ਤਾਕਤਾਂ ਵੱਲੋਂ ਲੋਕਾਂ ਨੂੰ ਆਪਸ ਵਿੱਚ ਵੰਡਣ ਦੀ ਚਾਲ ਨੂੰ ਨਾਕਾਮ ਕਰਨ ਵਿੱਚ ਸਹਾਈ ਹੋਵੇਗੀ।
ਇਸ ਦੌਰਾਨ 16 ਫਰਵਰੀ ਨੂੰ ਕੀਤੇ ਜਾ ਰਹੇ ਪੇਂਡੂ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।ਇਸ ਸਮੇਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਂਸਲ ਨੇ ਪੰਜਾਬ ਇਸਤਰੀ ਸਭਾ ਨੂੰ ਪੂਰਾ ਸਹਿਯੋਗ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਔਰਤਾਂ ਦਾ ਚੇਤਨ ਹੋ ਕੇ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਪਾਰਟੀ ਹਮੇਸ਼ਾ ਔਰਤਾਂ ਦੇ ਸਨਮਾਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਹੋਰਨਾਂ ਤੋਂ ਇਲਾਵਾ ਗੋਰਾ ਪਿਪਲੀ, ਬਲਦੇਵ ਸਹਿਦੇਵ, ਰੇਸ਼ਮ ਤੇ ਸੋਮਨਾਥ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles