ਲਖਨਊ : ਵਾਰਾਨਸੀ ਕੋਰਟ ਨੇ ਬੁੱਧਵਾਰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵਿਆਸ ਤਹਿਖਾਨੇ ਵਿਚ ਹਿੰਦੂ ਪੱਖ ਨੂੰ ਪੂਜਾ ਦਾ ਅਧਿਕਾਰ ਦੇ ਦਿੱਤਾ ਹੈ। ਇਹ ਤਹਿਖਾਨਾ 1993 ਵਿਚ ਮੁਲਾਇਮ ਸਿੰਘ ਯਾਦਵ ਦੀ ਵੇਲੇ ਦੀ ਸਰਕਾਰ ਨੇ ਸੀਲ ਕਰ ਦਿੱਤਾ ਸੀ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੀ 7 ਦਿਨਾਂ ਵਿਚ ਵਿਵਸਥਾ ਕਰੇ। ਵਾਰਾਨਸੀ ਜ਼ਿਲ੍ਹਾ ਪ੍ਰਸ਼ਾਸਨ ਨੇ 24 ਜਨਵਰੀ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਦੱਖਣੀ ਤਹਿਖਾਨੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ।
ਹਿੰਦੂ ਪੱਖ ਦੇ ਵਕੀਲ ਵਿਸ਼ਣੂ ਸ਼ੰਕਰ ਨੇ ਮੀਡੀਆ ਨੂੰ ਦੱਸਿਆ ਕਿ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 7 ਦਿਨਾਂ ਦੇ ਅੰਦਰ ਵਿਵਸਥਾਵਾਂ ਕਰਨ ਦਾ ਹੁਕਮ ਦਿੱਤਾ ਹੈ। ਕੁਝ ਮਹਿਲਾਵਾਂ ਨੇ ਵਿਆਸ ਤਹਿਖਾਨੇ ਵਿਚ ਪੂਜਾ ਲਈ ਅਰਜ਼ੀ ਲਾਈ ਸੀ।
ਵਕੀਲ ਵਿਸ਼ਣੂ ਸ਼ੰਕਰ ਜੈਨ ਨੇ ਇਸ ਫੈਸਲੇ ਦੀ ਤੁਲਨਾ ਰਾਮ ਜਨਮ ਭੂਮੀ ਨਾਲ ਜੁੜੇ ਜਸਟਿਸ ਕੇ ਐੱਮ ਪਾਂਡੇ ਦੇ ਉਸ ਹੁਕਮ ਨਾਲ ਕੀਤੀ, ਜਿਸ ਵਿਚ ਤਾਲਾ ਖੋਲ੍ਹਣ ਲਈ ਕਿਹਾ ਗਿਆ ਸੀ। ਉਨ੍ਹਾ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਹੀ ਹੁਕਮ ਹੈ। ਇਹ ਟਰਨਿੰਗ ਪੁਆਇੰਟ ਹੈ, ਬਹੁਤ ਇਤਿਹਾਸਕ ਹੁਕਮ ਹੈ। ਉਨ੍ਹਾ ਕਿਹਾ ਕਿ ਜੇ ਇਲਾਹਾਬਾਦ ਹਾਈ ਕੋਰਟ ਮਾਮਲੇ ਦੀ ਸੁਣਵਾਈ ਕਰੇਗੀ ਤਾਂ ਉਹ ਤਿਆਰ ਹਨ। ਉਹ ਹਾਈ ਕੋਰਟ ਵਿਚ ਕੈਵਿਏਟ ਦਾਖਲ ਕਰਨਗੇ।
ਵਕੀਲ ਸੁਭਾਸ਼ ਨੰਦਨ ਚਤੁਰਵੇਦੀ ਨੇ ਕਿਹਾ ਕਿ 1993 ਵਿਚ ਵਿਆਸ ਤਹਿਖਾਨੇ ਵਿਚ ਪੂਜਾ ਪਾਠ ’ਤੇ ਰੋਕ ਲਾਈ ਗਈ ਸੀ। ਉਨ੍ਹਾ ਉਨ੍ਹਾਂ ਦੇ ਵੰਸ਼ਜ ਸ਼ੈਲੇਂਦਰ ਕੁਮਾਰ ਵਿਆਸ ਵੱਲੋਂ ਅਰਜ਼ੀ ਦਾਖਲ ਕੀਤੀ ਸੀ। ਜ਼ਿਲ੍ਹਾ ਜੱਜ ਨੇ ਆਪਣੇ ਹੁਕਮ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕਿਹਾ ਕਿ ਉਹ ਸ਼ੈਲੇਂਦਰ ਵਿਆਸ ਤੇ ਕਾਸ਼ੀ ਵਿਸ਼ਵਨਾਥ ਟਰੱਸਟ ਵੱਲੋਂ ਤੈਅ ਕੀਤੇ ਗਏ ਪੁਜਾਰੀ ਤੋਂ ਵਿਆਜ ਜੀ ਦੇ ਤਹਿਖਾਨੇ ਵਿਚ ਸਥਿਤ ਮੂਰਤੀਆਂ ਦੀ ਪੂਜਾ ਤੇ ਰਾਗ ਭੋਗ ਕਰਾਏ ਜਾਣ ਦੀ ਵਿਵਸਥਾ 7 ਦਿਨਾਂ ਵਿਚ ਕਰਾਉਣ। ਕੋਰਟ ਨੇ ਜ਼ਿਲ੍ਹਾ ਮੈਜਿਸਟ੍ਰੇਟ/ਰਿਸੀਵਰ ਨੂੰ ਹੁਕਮ ਦਿੱਤਾ ਹੈ ਕਿ ਉਹ ਸੈਟਲਮੈਂਟ ਪਲਾਟ ਨੰ.9130 ਥਾਣਾ ਚੌਕ ਜ਼ਿਲ੍ਹਾ ਵਾਰਾਨਸੀ ਸਥਿਤ ਭਵਨ ਦੇ ਦੱਖਣੀ ਪਾਸੇ ਸਥਿਤ ਤਹਿਖਾਨੇ, ਜੋ ਵਿਵਾਦਗ੍ਰਸਤ ਸੰਪਤੀ ਹੈ, ਵਿਚ ਵਾਦੀ ਤੇ ਕਾਸ਼ੀ ਵਿਸ਼ਵਨਾਥ ਟਰੱਸਟ ਬੋਰਡ ਵੱਲੋਂ ਸੁਝਾਏ ਪੁਜਾਰੀ ਤੋਂ ਪੂਜਾ, ਰਾਜ ਭੋਗ ਆਦਿ ਦਾ ਪ੍ਰਬੰਧ ਕਰਨ।
ਵਕੀਲ ਵਿਸ਼ਣੂ ਸ਼ੰਕਰ ਜੈਨ ਨੇ ਦੱਸਿਆ ਕਿ ਤਹਿਖਾਨਾ ਭਗਵਾਨ ਨੰਦੀ ਦੇ ਠੀਕ ਸਾਹਮਣੇ ਸਥਿਤ ਹੈ। ਇਹ ਵਿਆਸ ਪਰਵਾਰ ਦਾ ਤਹਿਖਾਨਾ ਹੈ। ਮਸਜਿਦ ਦੇ ਗਰਾਉਂਡ ਫਲੋਰ ਵਿਚ 1993 ਤੱਕ ਪੂਜਾ ਹੁੰਦੀ ਸੀ, ਪਰ ਨਵੰਬਰ 1993 ਵਿਚ ਸਰਕਾਰ ਨੇ ਪੂਜਾ ਬੰਦ ਕਰਵਾ ਦਿੱਤੀ ਤੇ ਪੁਜਾਰੀਆਂ ਨੂੰ ਹਟਾ ਦਿੱਤਾ।
ਸ਼ਿ੍ਰੰਗਾਰ ਗੌਰੀ ਤੇ ਵਿਆਸ ਤਹਿਖਾਨੇ ਦਾ ਮਾਮਲਾ ਅੱਡ-ਅੱਡ ਹੈ। 18 ਅਗਸਤ 2021 ਨੂੰ ਪੰਜ ਮਹਿਲਾਵਾਂ ਨੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੇ ਸਾਹਮਣੇ ਮਾਮਲਾ ਦਰਜ ਕਰਵਾ ਕੇ ਗਿਆਨਵਾਪੀ ਮਸਜਿਦ ਦੇ ਬਗਲ ਵਿਚ ਬਣੇ ਸ਼ਿ੍ਰੰਗਾਰ ਗੌਰੀ ਮੰਦਰ ਵਿਚ ਰੋਜ਼ਾਨਾ ਪੂਜਨ-ਦਰਸ਼ਨ ਦੀ ਮੰਗ ਕੀਤੀ ਸੀ। ਜੱਜ ਰਵੀ ਕੁਮਾਰ ਦਿਵਾਕਰ ਨੇ ਮਸਜਿਦ ਕੰਪਲੈਕਸ ਦਾ ਏ ਐੱਸ ਆਈ ਤੋਂ ਸਰਵੇ ਕਰਾਉਣ ਦਾ ਹੁਕਮ ਦਿੱਤਾ ਸੀ। ਏ ਐੱਸ ਆਈ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਗਿਆਨਵਾਪੀ ਮਸਜਿਦ ਉਥੇ ਪਹਿਲਾਂ ਤੋਂ ਮੌਜੂਦ ਪੁਰਾਣੇ ਮੰਦਰ ਦੇ ਅਵਸ਼ੇਸ਼ਾਂ ’ਤੇ ਬਣਾਈ ਗਈ ਸੀ।