ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਕਿਸਾਨੀ ਮਸਲੇ ਹੱਲ ਨਾ ਹੋਣ ‘ਤੇ ਸੋਮਵਾਰ ਕੌਮੀ ਰਾਜਧਾਨੀ ਵੱਲ ਰੋਸ ਮਾਰਚ ਕੀਤਾ ਗਿਆ | ਇਸ ਦੇ ਮੱਦੇਨਜ਼ਰ ਪੁਲਸ ਨੇ ਬੈਰੀਕੇਡਿੰਗ ਕੀਤੀ ਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ, ਜਿਸ ਕਾਰਨ ਲੋਕਾਂ ਨੂੰ ਦਿੱਲੀ-ਨੋਇਡਾ ਸਰਹੱਦ ‘ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਕਿਸਾਨਾਂ ਦੀ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ, ਪਰ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ | ਕਿਸਾਨਾਂ ਦਾ ਰੋਸ ਹੈ ਕਿ ਉਨ੍ਹਾਂ ਦੇ ਮਸਲੇ ਲੰਮੇ ਸਮੇਂ ਤੋਂ ਹੱਲ ਨਹੀਂ ਹੋ ਰਹੇ, ਜਿਸ ਕਾਰਨ ਕਿਸਾਨ ਆਰਥਕ ਸੰਕਟ ਵਿੱਚੋਂ ਲੰਘ ਰਹੇ ਹਨ | ਕਿਸਾਨ ਦਾਦਰੀ-ਨੋਇਡਾ ਲਿੰਕ ਰੋਡ ‘ਤੇ ਮਹਾਮਾਇਆ ਫਲਾਈਓਵਰ ‘ਤੇ ਇਕੱਠੇ ਹੋਏ ਅਤੇ ਸਰਕਾਰ ਵੱਲੋਂ ਐਕੁਵਾਇਰ ਕੀਤੀਆਂ ਗਈਆਂ ਉਨ੍ਹਾਂ ਦੀਆਂ ਜ਼ਮੀਨਾਂ ਦੇ ਮੁਆਵਜ਼ੇ ਨੂੰ ਵਧਾਉਣ ਦੀ ਮੰਗ ਤੇ ਹੋਰ ਕਿਸਾਨਾਂ ਮਸਲਿਆਂ ਲਈ ਸਵੇਰੇ 11.30 ਵਜੇ ਦੇ ਕਰੀਬ ਆਪਣਾ ਮਾਰਚ ਸ਼ੁਰੂ ਕੀਤਾ | ਰੋਸ ਮਾਰਚ ਦਾ ਸੱਦਾ ਭਾਰਤੀ ਕਿਸਾਨ ਪ੍ਰੀਸ਼ਦ (ਬੀ ਕੇ ਪੀ) ਵੱਲੋਂ ਦਿੱਤਾ ਗਿਆ | ਬੀ ਕੇ ਪੀ ਅਨੁਸਾਰ ਅਲੀਗੜ੍ਹ ਅਤੇ ਆਗਰਾ ਸਮੇਤ ਉੱਤਰ ਪ੍ਰਦੇਸ਼ ਦੇ 20 ਜ਼ਿਲਿ੍ਹਆਂ ਦੇ ਕਿਸਾਨਾਂ ਨੇ ਰੋਸ ਮਾਰਚ ‘ਚ ਹਿੱਸਾ ਲਿਆ | ਕਿਸਾਨ ਬੈਰੀਕੇਡਾਂ ਨੂੰ ਉਲੰਘ ਗਏ ਤੇ ਕੁਝ ਬੈਰੀਕੇਡਾਂ ‘ਤੇ ਚੜ੍ਹ ਗਏ | ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋਈ | ਪੁਲਸ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ | ਸੀਨੀਅਰ ਪੁਲਸ ਅਧਿਕਾਰੀਆਂ ਨੇ ਧਰਨਾਕਾਰੀ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ | ਕਿਸਾਨਾਂ ਦੇ ਵਿਰੋਧ ਅਤੇ ਪੁਲਸ ਦੀ ਚੈਕਿੰਗ ਕਾਰਨ ਚਿੱਲਾ ਬਾਰਡਰ, ਡੀ ਐੱਨ ਡੀ ਫਲਾਈਓਵਰ, ਦਿੱਲੀ ਗੇਟ ਅਤੇ ਕਾਲਿੰਦੀ ਕੁੰਜ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਘੰਟਿਆਂਬੱਧੀ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ | ਪੰਜ ਕਿੱਲੋਮੀਟਰ ਤੋਂ ਵੱਧ ਦਾ ਜਾਮ ਲੱਗ ਗਿਆ |