16.6 C
Jalandhar
Tuesday, December 3, 2024
spot_img

ਸੀ ਪੀ ਆਈ ਦੀ 25ਵੀਂ ਕਾਂਗਰਸ ਚੰਡੀਗੜ੍ਹ ‘ਚ ਕਰਨ ਦਾ ਫੈਸਲਾ

ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੀ ਤਿੰਨ ਦਿਨਾ ਮੀਟਿੰਗ 28 ਤੋਂ 30 ਨਵੰਬਰ ਤੱਕ ਇੱਥੇ ਹੋਈ, ਜਿਸ ਦੀ ਪ੍ਰਧਾਨਗੀ ਕੌਮੀ ਐਗਜ਼ੈਕਟਿਵ ਦੇ ਮੈਂਬਰ ਕਾਮਰੇਡ ਪਰੇਕਾਸ਼ ਬਾਬੂ ਨੇ ਕੀਤੀ | ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਵੱਲੋਂ ਸਿਆਸੀ ਤੇ ਆਰਥਕ ਘਟਨਾਵਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ | ਰਿਪੋਰਟ ‘ਤੇ ਵਿਸਤਿ੍ਤ ਬਹਿਸ ਹੋਈ | ਬਹਿਸ ਵਿੱਚ ਹਿੱਸਾ ਲੈਂਦਿਆਂ ਸਾਰੇ ਡੈਲੀਗੇਟਾਂ ਨੇ ਯੂ ਪੀ ਦੇ ਸੰਭਲ ਵਿੱਚ ਹੋਈ ਫਿਰਕੂ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਫਿਰਕੂ ਹਿੰਸਾ ਵਿੱਚ ਵਾਧਾ ਭਾਜਪਾ ਦੇ ਮਾੜੇ ਰਾਜ ਦਾ ਨਤੀਜਾ ਹੈ | ਸਾਰੀਆਂ ਅਗਾਂਹਵਧੂ ਤਾਕਤਾਂ ਨੂੰ ਸੱਦਾ ਦਿੱਤਾ ਗਿਆ ਕਿ ਯੂ ਪੀ ਤੇ ਦੇਸ਼ ਦੇ ਹੋਰਨੀਂ ਥਾਈਾ ਵਧ ਰਹੇ ਫਿਰਕੂ ਖਿਚਾਵਾਂ ਨੂੰ ਖਤਮ ਕਰਨ ਲਈ ਇਕਮੁੱਠ ਹੋ ਕੇ ਲੜਾਈ ਦੇਣ | ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ 25ਵੀਂ ਕਾਂਗਰਸ ਚੰਡੀਗੜ੍ਹ, ਪੰਜਾਬ ਵਿੱਚ 21 ਤੋਂ 25 ਸਤੰਬਰ 2025 ‘ਚ ਹੋਵੇਗੀ | ਇਸ ਲਈ ਡੈਲੀਗੇਟ ਚੁਣਨ ਅਤੇ ਕੌਮੀ ਕੌਂਸਲ ਤੇ ਸੂਬਾ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਬਾਰੇ ਦਿਸ਼ਾ-ਨਿਰਦੇਸ਼ ਪਾਸ ਕੀਤੇ ਗਏ | ਇਹ ਦਿਸ਼ਾ-ਨਿਰਦੇਸ਼ ਵੀ ਪਾਸ ਕੀਤੇ ਗਏ ਕਿ ਸੂਬਾਈ ਕਾਨਫਰੰਸਾਂ ਅਗਸਤ 2025 ਤੋਂ ਪਹਿਲਾਂ ਕਰਵਾਈਆਂ ਜਾਣਗੀਆਂ |
ਮੀਟਿੰਗ ਵਿਚ ਪਾਸ ਕੀਤੇ ਗਏ ਮਤਿਆਂ ਮੁਤਾਬਕ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀਆਂ ਬੇਨੇਮੀਆਂ ਦੀ ਜਾਂਚ ਕਰਵਾਉਣ ਅਤੇ ਦਲਾਲ ਸਰਮਾਏਦਾਰੀ ਨੂੰ ਉਤਸ਼ਾਹਤ ਕਰਨ ਵਿੱਚ ਸਰਕਾਰ ਦੇ ਰੋਲ ਨੂੰ ਨੰਗਾ ਕਰਨ ਲਈ ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਦੀ ਮੰਗ ਨੂੰ ਲੈ ਕੇ 10 ਦਸੰਬਰ ਨੂੰ ਦੇਸ਼ ਭਰ ਵਿੱਚ ਪ੍ਰੋਟੈੱਸਟ ਤੇ ਮੰਗ ਦਿਵਸ ਮਨਾਇਆ ਜਾਵੇਗਾ | ਮਨੀਪੁਰ ਦੀ ਸਥਿਤੀ ‘ਤੇ ਸੰਸਦ ‘ਚ ਵਿਸਤਿ੍ਤ ਬਹਿਸ ਅਤੇ ਹਥਿਆਰਬੰਦ ਬਲ ਵਿਸ਼ੇਸ਼ ਸੁਰੱਖਿਆ ਕਾਨੂੰਨ (ਅਫਸਪਾ) ਦੀ ਵਾਪਸੀ ਦੀ ਮੰਗ ਕੀਤੀ ਜਾਵੇਗੀ | ਚੇਤੇ ਰਹੇ ਕਿ 10 ਦਸੰਬਰ ਸੰਸਾਰ ਮਨੁੱਖੀ ਅਧਿਕਾਰ ਦਿਵਸ ਹੈ | ਪ੍ਰੋਟੈੱਸਟ ਦਿਵਸ ਦੌਰਾਨ ਮਹਿੰਗਾਈ ਵਿੱਚ ਵਾਧੇ, ਬੇਰੁਜ਼ਗਾਰੀ ਤੇ ਨਾਬਰਾਬਰੀ ਵਿੱਚ ਵਾਧੇ ਅਤੇ ਘਟਦੀ ਆਰਥਕ ਵਿਕਾਸ ਦਰ ਵਰਗੇ ਗੰਭੀਰ ਆਰਥਕ ਮੁੱਦੇ ਵੀ ਉਭਾਰੇ ਜਾਣਗੇ | ਪ੍ਰੋਟੈੱਸਟ ਦਿਵਸ ਦੌਰਾਨ ਭਾਜਪਾ ਦੇ ਮਾੜੇ ਰਾਜ ਤੇ ਵਿਗੜਦੀ ਆਰਥਕ ਸਥਿਤੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ |
ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪ੍ਰਦੂਸ਼ਣ ਕੰਟਰੋਲ ਕਰਨ ਖਾਤਰ ਦਿੱਲੀ ਵਿੱਚ ਸਾਰੀਆਂ ਨਿਰਮਾਣ ਸਰਗਰਮੀਆਂ ਬੰਦ ਹਨ, ਜਿਸ ਦਾ ਨਿਰਮਾਣ ਵਰਕਰਾਂ ‘ਤੇ ਮਾਰੂ ਅਸਰ ਪੈ ਰਿਹਾ ਹੈ | ਉਨ੍ਹਾਂ ਦਾ ਕੰਮ ਖੁਸ ਗਿਆ ਹੈ ਤੇ ਉਜਰਤਾਂ ਮਿਲਣੀਆਂ ਬੰਦ ਹੋ ਗਈਆਂ ਹਨ | ਇਸ ਕਰਕੇ ਇਨ੍ਹਾਂ ਵਰਕਰਾਂ ਨੂੰ ਢੁਕਵੀਂ ਮਾਲੀ ਮਦਦ ਦੇਣ ਦੀ ਮੰਗ ਕੀਤੀ ਗਈ | ਇਕ ਹੋਰ ਮਤੇ ਵਿੱਚ ਕਿਹਾ ਗਿਆ ਕਿ ਮਨੀਪੁਰ ਦੀ ਸਥਿਤੀ ਖਿਚਾਅ ਭਰੀ ਬਣੀ ਹੋਈ ਹੈ ਅਤੇ 60 ਹਜ਼ਾਰ ਲੋਕ ਰਫਿਊਜੀ ਕੈਂਪਾਂ ਵਿਚ ਰਹਿ ਰਹੇ ਹਨ | ਸੂਬੇ ਦੀ ਵਿਗੜਦੀ ਅਮਨ-ਕਾਨੂੰਨ ਦੀ ਹਾਲਤ ਤੇ ਉਸ ਦੇ ਨਾਲ ਹਿੰਸਾ ਸਪੱਸ਼ਟ ਦਰਸਾਉਂਦੀ ਹੈ ਕਿ ਸੂਬਾ ਸਰਕਾਰ ਨਾਕਾਮ ਹੋ ਚੁੱਕੀ ਹੈ ਤੇ ਉਹ ਅਸਤੀਫਾ ਦੇਵੇ | ਇਕ ਹੋਰ ਮਤੇ ਵਿੱਚ ਕਿਹਾ ਗਿਆ ਹੈ ਕਿ ਮਨਰੇਗਾ ਸਕੀਮ ਉੱਤੇ ਨੁਕਸਦਾਰ ਅਮਲ ਕਾਰਨ ਲੱਖਾਂ ਵਰਕਰਾਂ ਦੇ ਨਾਂਅ ਯੋਗਤਾ ਲਿਸਟ ਵਿੱਚੋਂ ਹਟਾ ਦਿੱਤੇ ਗਏ ਹਨ | ਆਧਾਰ ਕਾਰਡ ਦੀਆਂ ਸਮੱਸਿਆਵਾਂ ਕਾਰਨ ਹਜ਼ਾਰਾਂ ਮਜ਼ਦੂਰਾਂ ਨੂੰ ਉਜਰਤਾਂ ਤੋਂ ਵਿਰਵੇ ਕਰ ਦਿੱਤਾ ਗਿਆ ਹੈ | ਮੰਗ ਕੀਤੀ ਗਈ ਕਿ ਇਹ ਖਾਮੀਆਂ ਦੂਰ ਕੀਤੀਆਂ ਜਾਣ ਅਤੇ ਵਰਕਰ ਨੂੰ 700 ਰੁਪਏ ਦੀ ਰੋਜ਼ਾਨਾ ਉਜਰਤ ਦੇ ਹਿਸਾਬ ਨਾਲ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ | ਕੌਮੀ ਕੌਂਸਲ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋਰਨਾਂ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਫਿਰਕੂ ਹਿੰਸਾ ਦੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ | ਇਸ ਨੇ ਕਿਹਾ ਹੈ ਕਿ ਨਫਰਤ ਤੇ ਹਮਲੇ ਦੇ ਇਹ ਕਾਰੇ ਨਾ ਸਿਰਫ ਸੈਕੂਲਰ ਅਸੂਲਾਂ, ਬਰਾਬਰੀ ਤੇ ਨਿਆਂ ਦੀ ਉਲੰਘਣਾ ਹਨ, ਸਗੋਂ ਬੰਗਲਾਦੇਸ਼ ਦੀ ਫਿਰਕੂ ਇਕਸੁਰਤਾ ਲਈ ਵੀ ਗੰਭੀਰ ਖਤਰਾ ਹਨ | ਕੌਮੀ ਕੌਂਸਲ ਨੇ ਭਾਰਤ ਦੀਆਂ ਸਾਰੀਆਂ ਅਗਾਂਹਵਧੂ ਤੇ ਸੈਕੂਲਰ ਤਾਕਤਾਂ ਨੂੰ ਸੱਦਾ ਦਿੱਤਾ ਕਿ ਉਹ ਬੰਗਲਾਦੇਸ਼ ਦੇ ਬਹਾਨੇ ਹੁਕਮਰਾਨ ਪਾਰਟੀ ਤੇ ਉਸ ਦੀਆਂ ਫਿਰਕੂ ਜਥੇਬੰਦੀਆਂ ਦੀਆਂ ਦੇਸ਼ ਵਿੱਚ ਫਿਰਕੂ ਖਿਚਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ | ਕੌਮੀ ਕੌਂਸਲ ਨੇ ਪਾਰਟੀ ਮੈਂਬਰਾਂ ਤੇ ਹਮਦਰਦਾਂ ਨੂੰ ਚੌਕਸ ਰਹਿ ਕੇ ਫਿਰਕੂ ਘਟਨਾਵਾਂ ਨੂੰ ਰੋਕਣ ਦਾ ਸੱਦਾ ਵੀ ਦਿੱਤਾ ਹੈ | ਹੋਰਨਾਂ ਮਤਿਆਂ ਵਿੱਚ ਪ੍ਰੋਜੈਕਟਾਂ ਨਾਲ ਪ੍ਰਭਾਵਤ ਲੋਕਾਂ ਦੇ ਮੁੜ-ਵਸੇਬੇ ਅਤੇ ਉੱਤਰਾਖੰਡ ‘ਚ ਜੰਗਲੀ ਜਾਨਵਰਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਕਿਸਾਨਾਂ ਦੀ ਮਦਦ ਕਰਨ ਦੀ ਮੰਗ ਕੀਤੀ ਗਈ ਹੈ | ਕਾਮਰੇਡ ਰਾਜਾ ਨੇ ਕੌਮੀ ਕੌਂਸਲ ਮੀਟਿੰਗ ਵਿੱਚ ਸ਼ਤਾਬਦੀ ਸਾਲ ਦੇ ਜਸ਼ਨਾਂ ਦਾ ਲੋਗੋ ਵੀ ਜਾਰੀ ਕੀਤਾ | ਇਹ ਫੈਸਲਾ ਵੀ ਹੋਇਆ ਕਿ ਸ਼ਤਾਬਦੀ ਜਸ਼ਨਾਂ ਦੀ ਸ਼ੁਰੂਆਤ ਲਈ ਕਾਨਪੁਰ ਵਿੱਚ 26 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ, ਜਿੱਥੇ ਪਾਰਟੀ ਦੀ ਨੀਂਹ ਰੱਖੀ ਗਈ | ਇਸੇ ਤਰ੍ਹਾਂ ਸ਼ਤਾਬਦੀ ਜਸ਼ਨਾਂ ਦੀ ਸਮਾਪਤੀ ‘ਤੇ 26 ਦਸੰਬਰ 2025 ਨੂੰ ਤਿਲੰਗਾਨਾ ਦੇ ਖਮਾਮ ‘ਚ ਵਿਸ਼ਾਲ ਰੈਲੀ ਕੀਤੀ ਜਾਵੇਗੀ | ਕੌਮੀ ਕੌਂਸਲ ਦੀ ਮੀਟਿੰਗ ਦੀ ਸਮਾਪਤੀ ਚੰਡੀਗੜ੍ਹ ਦੀ ਪਾਰਟੀ ਕਾਂਗਰਸ ਦੀ ਸਫਲਤਾ, ਸ਼ਤਾਬਦੀ ਜਸ਼ਨਾਂ ਦੇ ਪ੍ਰੋਗਰਾਮਾਂ ਨੂੰ ਉਤਸ਼ਾਹ ਨਾਲ ਲਾਗੂ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਪ੍ਰਣ ਨਾਲ ਹੋਈ |

Related Articles

Latest Articles