ਦੇਸ਼ ਵਿੱਚ ਆਪਸੀ ਭਾਈਚਾਰੇ ‘ਤੇ ਸੱਟ ਮਾਰਦੀਆਂ ਕਾਰਵਾਈਆਂ ਖਿਲਾਫ ਸਾਬਕਾ ਨੌਕਰਸ਼ਾਹ, ਸਿੱਖਿਆ ਸ਼ਾਸਤਰੀ, ਸਫੀਰ ਤੇ ਫੌਜੀ ਅਫਸਰ ਅਕਸਰ ਆਪਣੀ ਚਿੰਤਾ ਪ੍ਰਗਟਾਉਂਦੇ ਰਹਿੰਦੇ ਹਨ ਤੇ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ ਲਿਖਦੇ ਰਹਿੰਦੇ ਹਨ, ਭਾਵੇਂ ਇਹ ਪੱਤਰ ਜ਼ਿਆਦਾਤਰ ਰੱਦੀ ਦੀ ਟੋਕਰੀ ਵਿੱਚ ਹੀ ਜਾਂਦੇ ਹਨ | ਮਸਜਿਦਾਂ ਹੇਠਾਂ ਸ਼ਿਵਾਲੇ ਹੋਣ ਦਾ ਪਤਾ ਲਾਉਣ ਲਈ ਹੇਠਲੀਆਂ ਅਦਾਲਤਾਂ ਵੱਲੋਂ ਆਏ ਦਿਨ ਦਿੱਤੇ ਜਾ ਰਹੇ ਸਰਵੇਖਣਾਂ ਦੇ ਹੁਕਮਾਂ ਨਾਲ ਖਰਾਬ ਹੋ ਰਹੇ ਮਾਹੌਲ ਦੇ ਮੱਦੇਨਜ਼ਰ ਇਨ੍ਹਾਂ ਨੇ ਫਿਰ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਾਲਾਤ ਜ਼ਿਆਦਾ ਹੀ ਵਿਗੜਦੇ ਜਾ ਰਹੇ ਹਨ ਤੇ ਉਹ ਸਾਰੇ ਧਰਮਾਂ ਦੀ ਮੀਟਿੰਗ ਬੁਲਾ ਕੇ ਫਿਰਕੂ ਇਕਸੁਰਤਾ ਕਾਇਮ ਰੱਖਣ ਲਈ ਸਰਕਾਰ ਦਾ ਸੰਕਲਪ ਦੁਹਰਾਉਣ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਅਜਿਹੀ ਮੀਟਿੰਗ ਦੀ ਫੌਰੀ ਲੋੜ ਹੈ, ਜਿਸ ਵਿੱਚ ਸੰਗਤੀ ਭਾਰਤ ਸੁਨੇਹਾ ਦੇਵੇ ਕਿ ਭਾਰਤ ਸਾਰਿਆਂ ਦੀ ਧਰਤੀ ਹੈ, ਜਿੱਥੇ ਸਾਰੇ ਵਿਸ਼ਵਾਸਾਂ ਦੇ ਲੋਕ ਇਕੱਠੇ ਰਹਿੰਦੇ ਹਨ ਅਤੇ ਤੰਗ-ਨਜ਼ਰ ਤਾਕਤਾਂ ਨੂੰ ਇੱਥੇ ਸਦੀਆਂ ਤੋਂ ਚੱਲੀ ਆ ਰਹੀ ਫਿਰਕੂ ਇਕਸੁਰਤਾ ਅਤੇ ਬਹੁਲਵਾਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਭਾਰਤੀਆਂ, ਖਾਸਕਰ ਘੱਟ ਗਿਣਤੀ ਭਾਈਚਾਰਿਆਂ ਨੂੰ ਮੁੜ ਯਕੀਨ ਦਿਵਾਉਣ ਕਿ ਉਨ੍ਹਾ ਦੀ ਸਰਕਾਰ ਫਿਰਕੂ ਅਮਨ-ਚੈਨ, ਇਕਸੁਰਤਾ ਤੇ ਅਖੰਡਤਾ ਕਾਇਮ ਰੱਖਣ ਲਈ ਦਿੜ੍ਹ ਸੰਕਲਪ ਹੈ |
ਪੱਤਰ, ਜਿਸ ‘ਤੇ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਬਰਤਾਨੀਆ ਵਿਚ ਹਾਈ ਕਮਿਸ਼ਨਰ ਰਹੇ ਸ਼ਿਵ ਮੁਖਰਜੀ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ, ਸਾਬਕਾ ਲੈਫਟੀਨੈਂਟ ਜਨਰਲ ਜ਼ਮੀਰੂਦੀਨ ਸ਼ਾਹ ਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਰਵੀ ਵੀਰਾ ਗੁਪਤਾ ਦੇ ਦਸਤਖਤ ਹਨ, ਨੇ ਕਿਹਾ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਇੱਕ ਹੱਦ ਤਕ ਈਸਾਈਆਂ ਵਿਚਾਲੇ ਵਿਗੜੇ ਰਿਸ਼ਤਿਆਂ ਨੇ ਘੱਟ ਗਿਣਤੀਆਂ ਵਿੱਚ ਘੋਰ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰੱਖੀ ਹੈ | ਜਿਹੜੀ ਗੱਲ ਗਊ ਮਾਸ ਲਿਜਾਣ ਦੇ ਦੋਸ਼ਾਂ ਵਿੱਚ ਮੁਸਲਮਾਨਾਂ ਨੂੰ ਧਮਕਾਉਣ ਤੇ ਕੁੱਟਣ ਤੋਂ ਸ਼ੁਰੂ ਹੋਈ, ਉਹ ਬੇਗੁਨਾਹਾਂ ਦੀ ਘਰਾਂ ਦੇ ਅੰਦਰ ਵੜ ਕੇ ਕੁੱਟ-ਕੁੱਟ ਕੇ ਹੱਤਿਆ ਕਰਨ ਤੋਂ ਮੁਸਲਮਾਨਾਂ ਦੇ ਕਾਰੋਬਾਰੀ ਅਦਾਰਿਆਂ ਦੇ ਬਾਈਕਾਟ ਕਰਨ, ਮੁਸਲਮਾਨਾਂ ਨੂੰ ਕਿਰਾਏ ‘ਤੇ ਮਕਾਨ-ਦੁਕਾਨ ਨਾ ਦੇਣ ਅਤੇ ਉਨ੍ਹਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਤੱਕ ਚਲੀ ਗਈ ਅਤੇ ਇਸ ਨਾਲ ਡੇਢ ਲੱਖ ਤੋਂ ਵੱਧ ਘਰ ਤੇ ਅਦਾਰੇ ਢਾਹ ਦਿੱਤੇ ਗਏ, ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ | ਹੁਣ ਅਜਮੇਰ ਵਿੱਚ ਖਵਾਜਾ ਮੋਈਨੂਦੀਨ ਚਿਸ਼ਤੀ ਦੀ ਦਰਗਾਹ ਦੇ ਸਰਵੇਖਣ ਦੇ ਅਦਾਲਤੀ ਹੁਕਮ ਨੇ ਤਾਂ ਹੱਦ ਹੀ ਕਰ ਦਿੱਤੀ ਹੈ | ਇਸ ਸੱਭਿਆਗਤ ਵਿਰਾਸਤ ‘ਤੇ ਵਿਚਾਰਧਾਰਕ ਹਮਲਾ ਤਾਂ ਸੰਗਤੀ ਭਾਰਤ ਦੇ ਵਿਚਾਰ ‘ਤੇ ਹੀ ਹਮਲਾ ਹੈ, ਜਿੱਥੇ ਤੁਸੀਂ ਵੀ ਹਰ ਸਾਲ ਚਾਦਰ ਚੜ੍ਹਾ ਕੇ ਦੇਸ਼ ਵਾਸੀਆਂ ਨੂੰ ਅਮਨ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹੋ | ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ ਵੰਡ ਵੇਲੇ ਭਾਈਚਾਰਿਆਂ ਵਿਚਾਲੇ ਰਿਸ਼ਤਿਆਂ ਨੂੰ ਕਾਫੀ ਸੱਟ ਵੱਜੀ ਸੀ, ਪਿਛਲੇ 10 ਸਾਲਾਂ ਵਿੱਚ ਸੂਬਾ ਸਰਕਾਰਾਂ ਤੇ ਪ੍ਰਸ਼ਾਸਕੀ ਮਸ਼ੀਨਰੀ ਨੇ ਸਪੱਸ਼ਟ ਤੌਰ ‘ਤੇ ਪੱਖਪਾਤੀ ਰੋਲ ਨਿਭਾਇਆ ਹੈ | ਪੱਤਰ ਦੇ ਅਖੀਰ ‘ਚ ਕਿਹਾ ਗਿਆ ਹੈ ਕਿ ਵਿਕਸਤ ਭਾਰਤ ਦਾ ਟੀਚਾ ਅਜਿਹੀ ਫਿਰਕੂ ਗੜਬੜ ਨਾਲ ਹਾਸਲ ਨਹੀਂ ਹੋਣਾ, ਇਸ ਕਰਕੇ ਪ੍ਰਧਾਨ ਮੰਤਰੀ ਯਕੀਨੀ ਬਣਾਉਣ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਪ੍ਰਸ਼ਾਸਕ ਕਾਨੂੰਨ ਤੇ ਸੰਵਿਧਾਨ ਦੀ ਇੰਨ-ਬਿੰਨ ਪਾਲਣਾ ਕਰਨਗੇ |