ਚੰਡੀਗੜ੍ਹ/ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਪੁਲਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ (ਤਰਨ ਤਾਰਨ) ਦੀ ਗਿ੍ਰਫ਼ਤਾਰੀ ਨਾਲ ਸੂਬੇ ’ਚ ਮਿੱਥ ਕੇ ਹਤਿਆਵਾਂ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਹੈਪੀ ਬਾਬਾ ਕਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਪੁਲਸ ਟੀਮ ਨੇ ਉਸ ਦੇ ਕਬਜ਼ੇ ’ਚੋਂ ਇੱਕ 30 ਬੋਰ ਦਾ ਆਟੋਮੈਟਿਕ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਤਰਨ ਤਾਰਨ ਦੇ ਨਾਨਕਸਰ ਮੁਹੱਲੇ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ ਭੱਟੀ ਨੂੰ ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲਾਂ ਸਮੇਤ ਗਿ੍ਰਫਤਾਰ ਕਰਨ ਤੋਂ 25 ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ। ਏ ਆਈ ਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਭੱਟੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੰਡਿਆਲਾ ਦੇ ਹੈਪੀ ਜੱਟ ਨੇ ਹੈਪੀ ਬਾਬਾ ਨੂੰ ਸੂਬੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜ਼ਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਹੈਪੀ ਬਾਬਾ ਨੂੰ ਗਿ੍ਰਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਹੈਪੀ ਬਾਬਾ ਨੇ ਕਬੂਲ ਕੀਤਾ ਕਿ ਉਹ ਤਰਨ ਤਾਰਨ ਅਤੇ ਅੰਮਿ੍ਰਤਸਰ ਦੇ ਖੇਤਰ ਵਿੱਚ ਘੱਟੋ-ਘੱਟ 100 ਨਾਜਾਇਜ਼ ਹਥਿਆਰ ਵੇਚ ਚੁੱਕਾ ਹੈ।