ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ। ਉਹ ਅਗਸਤ 2021 ਤੋਂ ਇਸ ਅਹੁਦੇ ’ਤੇ ਸਨ। ਉਹ ਸ਼ੁੱਕਰਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ। ਰਾਸ਼ਟਰਪਤੀ ਨੂੰ ਭੇਜੇ ਅਸਤੀਫੇ ਵਿਚ ਉਨ੍ਹਾ ਕਿਹਾ ਕਿ ਉਹ ਨਿੱਜੀ ਕਾਰਨਾਂ ਤੇ ਕੁਝ ਹੋਰ ਰੁਝੇਵਿਆਂ ਕਾਰਨ ਅਹੁਦਾ ਛੱਡ ਰਹੇ ਹਨ। ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਸਨ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਦਾ ਅਹੁਦਾ ਪਿਛਲੇ ਸਾਲ ਤੋਂ ਖਾਲੀ ਸੀ ਤੇ ਇਸ ਹਫਤੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜੀਵ ਵਰਮਾ ਨੂੰ ਸਲਾਹਕਾਰ ਤਾਇਨਾਤ ਕੀਤਾ ਸੀ। ਪੁਰੋਹਿਤ ਨਾਗਪੁਰ ਤੋਂ ਦੋ ਵਾਰ ਕਾਂਗਰਸ ਤੇ ਇਕ ਵਾਰ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਲਈ ਚੁਣੇ ਗਏ ਸਨ। ਉਹ 2017 ਵਿਚ ਤਾਮਿਲਨਾਡੂ ਤੇ 2017 ਵਿਚ ਆਸਾਮ ਦੇ ਰਾਜਪਾਲ ਬਣਾਏ ਗਏ ਸਨ। ਪੁਰੋਹਿਤ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਦਾਲ ਨਹੀਂ ਗਲਦੀ ਸੀ ਤੇ ਉਨ੍ਹਾ ਨੂੰ ਸੱਪਸ਼ਟੀਕਰਨ ਲੈਣ ਲਈ ਪੱਤਰ ਜਾਰੀ ਕਰਦੇ ਰਹਿੰਦੇ ਸਨ। ਇੱਥੋਂ ਤੱਕ ਵੀ ਕਿਹਾ ਸੀ ਕਿ ਜੇ ਪੱਤਰਾਂ ਦੇ ਜਵਾਬ ਨਾ ਦਿੱਤੇ ਤਾਂ ਉਹ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਵੀ ਕਰ ਸਕਦੇ ਹਨ ਤੇ ਫੌਜਦਾਰੀ ਕਾਰਵਾਈ ਵੀ ਕਰ ਸਕਦੇ ਹਨ। ਪੁਰੋਹਿਤ ਨੇ ਅਸਤੀਫਾ ਉਦੋਂ ਦਿੱਤਾ ਹੈ, ਜਦੋਂ ਚੰਡੀਗੜ੍ਹ ਮੇਅਰ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਉਮੀਦਵਾਰ ਵੱਧ ਵੋਟਾਂ ਹੋਣ ਦੇ ਬਾਵਜੂਦ ਹਰਾ ਕੇ ਭਾਜਪਾ ਦਾ ਮੇਅਰ ਐਲਾਨ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਇਸ ਖਿਲਾਫ ਹਾਈ ਕੋਰਟ ਵਿਚ ਪਹੁੰਚ ਕੀਤੀ, ਜਿਸ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਤਿੰਨ ਹਫਤਿਆਂ ਤੱਕ ਜਵਾਬ ਮੰਗਿਆ ਹੈ, ਪਰ ਛੇਤੀ ਸੁਣਵਾਈ ਲਈ ‘ਆਪ’ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।




