ਹੈਦਰਾਬਾਦ : ਸੀ ਪੀ ਆਈ ਦੀ ਕੌਮੀ ਕੌਂਸਲ ਮੀਟਿੰਗ ਦੇ ਦੂਜੇ ਦਿਨ ਨਿਸ਼ਾ ਸਿੱਧੂ, ਰਾਮਾ �ਿਸ਼ਨਾ ਪਾਂਡਾ ਤੇ ਸੰਮਬਸਿਵਾ ਰਾਓ ਦੀ ਪ੍ਰਧਾਨਗੀ ਹੇਠ ਸੀ ਪੀ ਆਈ ਹੈੱਡ ਆਫਿਸ ਮਕਦੂਮ ਭਵਨ, ਹੈਦਰਾਬਾਦ ਵਿਖੇ ਜਨਰਲ ਸਕੱਤਰ ਡੀ ਰਾਜਾ ਵੱਲੋਂ ਪੇਸ਼ ਕੀਤੇ ਰਾਜਨੀਤਕ ਮਤੇ ’ਤੇ ਵੱਖ-ਵੱਖ ਸੂਬਿਆਂ ਦੇ ਆਗੂਆਂ ਨੇ ਆਪਣੇ-ਆਪਣੇ ਸੂਬੇ ਦੀ ਪਾਰਟੀ ਦੀ ਸਮਝ ਦੱਸੀ। ਇਸ ਵਿਚਾਰ-ਚਰਚਾ ਵਿੱਚ ਸਾਰੇ ਸੂਬਿਆਂ ਨੇ ਹਿੱਸਾ ਲੈਣਾ ਸੀ, ਇਥੋਂ ਤੱਕ ਕਿ ਪੁਡੂਚੇਰੀ, ਗੋਆ, ਮਨੀਪੁਰ, ਮੇਘਾਲਿਆ ਦੇ ਸੂਬੇ ਵੀ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣਗੇ। ਹੁਣ ਤੱਕ ਦੇ ਬੁਲਾਰਿਆਂ ਦੀ ਮੁੱਖ ਤੌਰ ’ਤੇ ਇਹ ਹੀ ਰਾਏ ਹੈ ਕਿ ਕਿਸੇ ਵੀ ਤਰੀਕੇ ਨਾਲ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਮੋਦੀ ਨੂੰ ਹਰਾਇਆ ਜਾਵੇ ਤੇ ਸੀ ਪੀ ਆਈ ਨੂੰ ਮਜ਼ਬੂਤ ਕੀਤਾ ਜਾਵੇ। ਡੀ ਰਾਜਾ ਨੇ ਵੱਖ-ਵੱਖ ਸੂਬਿਆਂ ’ਚੋਂ ਸੀਟਾਂ ਲੜਨ ਦੀ ਜੋ ਤਜਵੀਜ਼ ਆਈ, ਉਹ ਵੀ ਦੱਸੀ। ਦੇਸ਼ ਭਰ ਵਿੱਚ ਕਿੰਨੀਆਂ ਸੀਟਾਂ ਲੜਨੀਆਂ ਹਨ, ਉਸ ਦਾ ਅੰਤਮ ਫੈਸਲਾ ਸੈਂਟਰ ਕਮੇਟੀ ਨੇ ਕਰਨਾ ਹੈ। ਅਲੱਗ-ਅਲੱਗ ਸੂਬਿਆਂ ਵਿੱਚ ਉਥੋਂ ਦੀ ਕਮਿਊਨਿਸਟ ਪਾਰਟੀ ਨੇ ‘ਇੰਡੀਆ’ ਗੱਠਜੋੜ ਨੂੰ ਸਾਹਮਣੇ ਰੱਖਦੇ ਹੋਏ ਉਥੋਂ ਦੀ ਕਿਸ ਸਿਆਸੀ ਧਿਰ ਨਾਲ ਸਮਝੌਤਾ ਕਰਨਾ ਹੈ, ਇਸ ਦਾ ਅੰਤਮ ਫੈਸਲਾ ਵੀ ਸੈਂਟਰ ਨੇ ਹੀ ਕਰਨਾ ਹੈ। ਕੌਮੀ ਕੌਂਸਲ ਦਾ ਨਿਰਣਾ ਇਹ ਹੈ ਕਿ ਪਾਰਲੀਮੈਂਟ ਚੋਣਾਂ ਦੀ ਤਿਆਰੀ ਜ਼ੋਰ-ਸ਼ੋਰ ਨਾਲ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇ। ਕੌਮੀ ਕੌਂਸਲ ਨੇ ਜ਼ੋਰ ਦਿੱਤਾ ਕਿ ਪੈਸੇ ਤੋਂ ਬਗੈਰ ਚੋਣ ਲੜੀ ਨਹੀਂ ਜਾ ਸਕਦੀ। ਜਿਸ ਪਾਰਟੀ ਭਾਜਪਾ ਨਾਲ ਮੁਕਾਬਲਾ ਕਰਨਾ ਹੈ, ਉਸ ਪਿੱਛੇ ਤਾਂ ਕਾਰਪੋਰੇਟ ਘਰਾਣੇ ਹਨ, ਜਿਨ੍ਹਾਂ ਮੋਦੀ ਨੂੰ ਜਿਤਾਉਣ ਵਾਸਤੇ ਪੈਸਾ ਮੀਂਹ ਦੀ ਤਰ੍ਹਾਂ ਵਹਾਉਣਾ ਹੈ। ਇਸ ਲਈ ਅਸੀਂ ਫੌਰੀ ਤੌਰ ’ਤੇ ਮਾਸ ਉਗਰਾਹੀ ਲਈ ਤੁਰ ਪਈਏ। ਕੌਮੀ ਕੌਂਸਲ ਦਾ ਇਹ ਵੀ ਨਿਰਣਾ ਹੈ ਕਿ ਆਪਣੇ ਕਾਡਰ ਨੂੰ ਪਾਰਲੀਮੈਂਟ ਦੀ ਚੋਣ ਵਿੱਚ ਦਿਲੋਂ ਤੋਰਨ ਵਾਸਤੇ ਕਾਡਰ ਟ੍ਰੇਨਿੰਗ ਕੈਂਪ, ਸਕੂਲ, ਮੀਟਿੰਗਾਂ, ਕਨਵੈਨਸ਼ਨਾਂ, ਰੈਲੀਆਂ, ਮੁਜ਼ਾਰਿਆਂ ਵਿੱਚ ਧੜੱਲੇ ਨਾਲ ਲੈ ਕੇ ਜਾਈਏ। ਮੀਟਿੰਗ ਵਿੱਚ ਕੌਮਾਂਤਰੀ ਪੱਧਰ ਦੇ ਆਗੂ ਪਲਬ ਸੇਨ ਗੁਪਤਾ ਨੇ ਕੌਮਾਂਤਰੀ ਪੱਧਰ ਦੀਆਂ ਕਮਿਊਨਿਸਟ ਪਾਰਟੀਆਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਪੰਜਾਬ ਦੇ ਹਾਲਾਤ ਦੀ ਰਿਪੋਰਟ ਸੀ ਪੀ ਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਪੇਸ਼ ਕੀਤੀ।ਕੌਮੀ ਕੌਂਸਲ ਦੀ ਮੀਟਿੰਗ ਵਿੱਚ ਮਸ਼ਹੂਰ ਲੇਖਕਾ �ਿਸ਼ਨਾ ਝਾ ਨੇ ਵੀ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।ਅਮਰਜੀਤ ਕੌਰ ਕੁੱਲ ਹਿੰਦ ਜਨਰਲ ਸਕੱਤਰ ਏਟਕ ਨੇ ਕਿਰਤੀਆਂ ਦੀ ਜ਼ਿੰਦਗੀ ਖ਼ੁਸ਼ਹਾਲ ਬਣਾਉਣ ਲਈ ਅਤੇ ਕਿਸ ਤਰ੍ਹਾਂ ਮੋਦੀ ਸਰਕਾਰ ਕਿਰਤੀਆਂ ਦੀ ਜ਼ਿੰਦਗੀ ਤਬਾਹ ਕਰ ਰਹੀ ਹੈ, ਇਸ ਬਾਬਤ ਮਤਾ ਰੱਖਿਆ ਤੇ ਵਾਧਿਆਂ ਸਮੇਤ ਕੌਮੀ ਕੌਸਲ ਨੇ ਪਾਸ ਕੀਤਾ। ਸੀ ਪੀ ਆਈ ਦੇ ਕੌਮੀ ਸਕੱਤਰੇਤ ਮੈਂਬਰ ਡਾਕਟਰ ਕਾਂਗੋ ਨੇ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ, ਉਸ ਬਾਬਤ ਮਤਾ ਰੱਖਿਆ ਤੇ ਕੌਂਸਲ ਨੇ ਪਾਸ ਕੀਤਾ। ਕੌਮੀ ਕੌਂਸਲ ਦੀ ਮੀਟਿੰਗ ਵਿੱਚ ਸੀ ਪੀ ਆਈ ਦੇ ਪੰਜਾਬ ਸੂਬਾ ਸਕੱਤਰ ਬੰਤ ਸਿੰਘ ਬਰਾੜ, ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ, ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਡਾਕਟਰਾਂ ਦੀ ਐਸੋਸੀਏਸ਼ਨ ਦੇ ਕੌਮਾਂਤਰੀ ਆਗੂ ਡਾਕਟਰ ਅਰੁਣ ਮਿੱਤਰਾ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੀ ਹਾਜ਼ਰ ਸਨ।





