ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਕਰਾਉਣ ਵਾਲਾ ਰਿਟਰਨਿੰਗ ਅਫਸਰ 53 ਸਾਲਾ ਅਨਿਲ ਮਸੀਹ 2015 ਤੋਂ ਭਾਜਪਾ ਦਾ ਮੈਂਬਰ ਰਿਹਾ ਤੇ ਸਾਰੇ ਪਾਰਟੀ ਈਵੈਂਟਾਂ ਵਿਚ ਘੱਟ ਗਿਣਤੀ ਵਿੰਗ ਦੀ ਨੁਮਾਇੰਦਗੀ ਕਰਦਾ ਹੁੰਦਾ ਸੀ। ਉਸ ਦੇ ਸਮਰਪਣ ਨੂੰ ਦੇਖਦਿਆਂ ਪਾਰਟੀ ਨੇ ਉਸ ਨੂੰ ਅਕਤੂਬਰ 2022 ਵਿਚ ਨਗਰ ਨਿਗਮ ਵਿਚ ਕੌਂਸਲਰ ਨਾਮਜ਼ਦ ਕਰ ਦਿੱਤਾ। 2021 ਵਿਚ ਉਸ ਨੂੰ ਭਾਜਪਾ ਘੱਟ ਗਿਣਤੀ ਮੋਰਚਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਸ ਦਾ ਵਿਵਾਦਾਂ ਨਾਲ ਰਿਸ਼ਤਾ ਨਵਾਂ ਨਹੀਂ ਹੈ। 2018 ਵਿਚ ਚਰਚ ਆਫ ਨਾਰਥ ਇੰਡੀਆ ਨੇ ਸਾਰੀਆਂ ਚਰਚ ਸਰਗਰਮੀਆਂ ਵਿਚ ਇਸ ਕਰਕੇ ਸ਼ਾਮਲ ਹੋਣੋਂ ਰੋਕ ਦਿੱਤਾ ਸੀ ਕਿ ਉਸ ਨੇ ਇਕ ਕਮੇਟੀ ਮੀਟਿੰਗ ਵਿਚ ਗਲਤ ਭਾਸ਼ਾ ਵਰਤੀ ਤੇ ਧਰਮ ਵਿਰੁੱਧ ਗੱਲਾਂ ਕਹੀਆਂ। ਦੋ ਸਾਲ ਬਾਅਦ ਬਿਸ਼ਪ ਡੇਨਜ਼ੇਲ ਨੇ ਉਸ ਨੂੰ ਬਹਾਰ ਕਰ ਦਿੱਤਾ। ਉਸ ਨੇ ਚੰਡੀਗੜ੍ਹ ਡੀ ਏ ਵੀ ਕਾਲਜ, ਸੈਕਟਰ-10 ਤੋਂ ਗੈ੍ਰਜੂਏਸ਼ਨ ਕੀਤੀ। ਉਸ ਦੀ ਪਤਨੀ ਸੈਕਟਰ-12 ਦੇ ਪੰਜਾਬ ਇੰਜੀਨੀਅਰਿੰਗ ਗਰਲਜ਼ ਹੋਸਟਲ ਵਿਚ ਕੰਮ ਕਰਦੀ ਹੈ। ਪਰਵਾਰ ਉਥੇ ਹੀ ਰਹਿੰਦਾ ਹੈ। ਮਸੀਹ ਨੇ ਪਹਿਲਾਂ ਪ੍ਰਾਈਵੇਟ ਫਰਮਾਂ ਵਿਚ ਕੰਮ ਕੀਤਾ, ਪਰ ਪਿਛਲੇ ਕਈ ਸਾਲਾਂ ਤੋਂ ਇਸ ਕਰਕੇ ਨੌਕਰੀ ਨਹੀਂ ਕੀਤੀ, ਕਿਉਕਿ ਉਹ ਸਿਆਸਤ ਵਿਚ ਮਸਰੂਫ ਹੋ ਗਿਆ ਹੈ।