ਪਟਿਆਲਾ : ਕਸਬਾ ਘੱਗਾ ’ਚ ਕਰਿਆਨਾ ਦੁਕਾਨਦਾਰ ਦੇ ਘਰ ’ਚ 28 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਪੁਲਸ ਨੇ ਪੰਜ ਮੁਲਜ਼ਮ ਕਾਬੂ ਕਰਕੇ 26 ਲੱਖ ਦੀ ਬਰਾਮਦਗੀ ਕਰ ਲਈ ਹੈ। ਵਾਰਦਾਤ ਖਿਡੌਣਾ ਰਿਵਾਲਵਰ ਨਾਲ ਕੀਤੀ ਗਈ ਸੀ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਰੀਕ ਸਿੰਘ, ਦੇਬੂ ਰਾਮ, ਬੰਟੀ, ਰਮੇਸ਼ ਰਾਮ ਅਤੇ ਜਗਦੇਵ ਉਰਫ ਜੱਗਾ ਵਾਸੀ ਘੱਗਾ ਵਜੋਂ ਹੋਈ ਹੈ। ਜਗਦੇਵ ਜੱਗਾ ਇਸ ਪਰਵਾਰ ਦਾ ਲਾਂਗਰੀ ਸੀ, ਜਿਸ ਨੂੰ ਪਤਾ ਸੀ ਕਿ ਪਰਵਾਰ ਕੋਲ ਚੋਖੀ ਰਾਸ਼ੀ ਹੈ। ਉਸ ਨੇ ਆਪਣੀ ਮਾਸੀ ਦੇ ਪੁੱਤ ਬੰਟੀ ਦੇ ਨਾਲ ਰਲ ਕੇ ਤਿੰਨ ਹੋਰ ਸਾਥੀਆਂ ਨੂੰ ਨਾਲ ਜੋੜਿਆ ਤੇ ਰਾਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾ ਖਿਡੌਣਾ ਰਿਵਾਲਵਰ ਦਿਖਾ ਕੇ ਪਰਵਾਰ ਦੇ ਮੈਂਬਰਾਂ ਨੂੰ ਬੰਨ੍ਹ ਦਿੱਤਾ ਤੇ 28 ਲੱਖ ਰੁਪਏ ਲੁੱਟ ਲਏ।




