16 ਦੇ ਬੰਦ ਤੇ ਹੜਤਾਲ ਦੀਆਂ ਅੰਮਿ੍ਰਤਸਰ ’ਚ ਤਿਆਰੀਆਂ ਮੁਕੰਮਲ

0
156

ਅੰਮਿ੍ਰਤਸਰ : ਭਾਰਤ ਦੀਆ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਦੇਸ਼-ਵਿਆਪੀ ਮਜ਼ਦੂਰ ਹੜਤਾਲ ਅਤੇ ਪੇਂਡੂ ਬੰਦ ਦੇ ਸੱਦੇ ਸਬੰਧੀ ਏਕਤਾ ਭਵਨ ਪੁਤਲੀਘਰ ਵਿਖੇ ਅੰਮਿ੍ਰਤਸਰ ਦੀਆਂ ਮਜ਼ਦੂਰ ਜਥੇਬੰਦੀਆਂਏਟਕ ਇੰਟਕ, ਐੱਚ ਐੱਮ ਐੱਸ ਅਤੇ ਸੀ ਟੀ ਯੂ ਪੰਜਾਬ ਵੱਲੋਂ ਸਾਂਝੀ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪੰਜਾਬ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਪੰਜਾਬ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਹਿੰਦ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਕਲਵੰਤ ਸਿੰਘ ਬਾਵਾ ਅਤੇ ਸੀ ਟੀ ਯੂ ਪੰਜਾਬ ਦੇ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਮੁੱਖ ਤੌਰ ’ਤੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 16 ਫਰਵਰੀ ਨੂੰ ਦੇਸ਼-ਵਿਆਪੀ ਹੜਤਾਲ ਅਤੇ ਪੇਂਡੂ ਬੰਦ ਦੀ ਸਫਲਤਾ ਲਈ ਤਿਆਰੀਆਂ ਅੰਮਿ੍ਰਤਸਰ ਵਿੱਚ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹ ਬੰਦ/ ਹੜਤਾਲ ਇਤਿਹਾਸਕ ਹੋਵੇਗੀ ਅਤੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਸਾਂਝੇ ਤੌਰ ’ਤੇ ਮਿਲ ਕੇ ਦੇਸ਼-ਵਿਆਪੀ ਹੜਤਾਲ ਅਤੇ ਪੇਂਡੂ ਬੰਦ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਮਜ਼ਦੂਰ/ ਕਿਸਾਨ/ ਆਮ ਜਨਤਾ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਹਰ ਵਰਗ ਦੇ ਲੋਕ ਦੁਖੀ ਹਨ। ਉਹਨਾਂ ਕਿਹਾ ਕਿ 16 ਫਰਵਰੀ ਨੂੰ ਅੰਮਿ੍ਰਤਸਰ ਦੇ ਭੰਡਾਰੀ ਪੁਲ ਉਪਰ ਮਜ਼ਦੂਰਾਂ, ਕਿਸਾਨਾਂ ਦਾ ਭਾਰੀ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਗੈਰ-ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26 ਹਜ਼ਾਰ ਰੁਪਏ ਨਿਸਚਿਤ ਕੀਤੀ ਜਾਵੇ। 44 ਲੇਬਰ ਕਾਨੂੰਨਾਂ ਨੂੰ ਤੋੜ ਕੇ ਬਣਾਏ 4 ਲੇਬਰ ਕੋਡ ਰੱਦ ਕੀਤੇ ਜਾਣ ਅਤੇ ਲੇਬਰ ਕਾਨੂੰਨ ਬਹਾਲ ਕੀਤੇ ਜਾਣ। ਲੇਬਰ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਅੰਨ੍ਹੇਵਾਹ ਨਿੱਜੀਕਰਨ ਬੰਦ ਕੀਤਾ ਜਾਵੇ। ਠੇਕਾ/ਆਊਟਸੋਰਸ ਭਰਤੀਆਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਕਿਸਾਨਾਂ ਦੀਆਂ ਸਾਰੀਆਂ ਫਸਲਾਂ ਉੱਪਰ ਐੱਮ ਐੱਸ ਪੀ ਲਾਗੂ ਕੀਤੀ ਜਾਵੇ। ਕਿਸਾਨਾਂ ਦੀ ਆਰਥਕ ਹਾਲਤ ਬੇਹਤਰ ਕਰਨ ਲਈ ਐੱਮ ਐੱਸ ਪੀ ਦੀ ਗਰੰਟੀ ਕੀਤੀ ਜਾਵੇ। ਕੇਂਦਰੀ ਮੰਤਰੀ ਅਜੈ ਮਿਸ਼ਰਾ ਟੋਨੀ ਨੂੰ ਬਰਖਾਸਤ ਕਰਕੇ ਉਸ ਉਪਰ ਮੁਕੱਦਮਾ ਦਰਜ ਕੀਤਾ ਜਾਵੇ। ਬੁਲਾਰਿਆਂ ਜ਼ੋਰ ਦੇ ਕੇ ਕਿਹਾ ਕਿ 16 ਫਰਵਰੀ ਦੀ ਹੜਤਾਲ ਦੇਸ਼ ਦੇ ਮਜ਼ਦੂਰਾਂ/ ਕਿਸਾਨਾਂ ਅਤੇ ਆਮ ਪੇਂਡੂ/ ਸ਼ਹਿਰੀਆਂ ਦੇ ਹੱਕਾਂ ਦੀ ਲੜਾਈ ਦਾ ਬਿਗਲ ਹੈ। ਇਸ ਲਈ ਸਭ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਹੜਤਾਲ/ ਬੰਦ ਦਾ ਭਰਪੂਰ ਸਮਰਥਨ ਕੀਤਾ ਜਾਵੇ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਬਿੱਟੂ ਵੇਰਕਾ, ਪ੍ਰੇਮ ਚੰਦ ਅਜ਼ਾਦ, ਜਨਕ ਰਾਜ, ਕੇਵਲਜੀਤ, ਬ੍ਰਹਮਦੇਵ ਸ਼ਰਮਾ, ਦਸਵਿੰਦਰ ਕੌਰ, ਸ਼ਮਸ਼ੇਰ ਨਾਥ, ਜਸਬੀਰ ਸਿੰਘ, ਜੈਮਲ ਸਿੰਘ, ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here