ਜਲੰਧਰ (ਸ਼ੈਲੀ ਐਲਬਰਟ,
ਇਕਬਾਲ ਸਿੰਘ ਉੱਭੀ)
ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਫਿਰੌਤੀ, ਧਮਕੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੱਠ ਗੈਂਗਸਟਰਾਂ ਨੂੰ ਜਲੰਧਰ ’ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ 27 ਜਨਵਰੀ ਨੂੰ ਕਰਮਾ ਫੈਸ਼ਨ ਸ਼ੋਅ ਰੂਮ ਦੇ ਮਾਲਕ ਨੂੰ 50 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਲਈ ਇੱਕ ਕਾਲ ਆਈ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਰੋਹ ਦੇ ਮੈਂਬਰਾਂ ਨੇ ਯੋਜਨਾਬੱਧ ਤਰੀਕੇ ਨਾਲ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ, ਜਿਸ ਦੀ ਵਰਤੋਂ ਕਰਕੇ ਪੈਸੇ ਦੀ ਲੁੱਟ ਕੀਤੀ ਜਾਂਦੀ ਸੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਤਫ਼ਤੀਸ਼ ਦੇ ਆਧਾਰ ’ਤੇ 8 ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੰਜੇ ਬਾਵਾ ਵਾਸੀ ਮੁਹੱਲਾ ਕਰਾਰ ਖਾਂ, ਦੀਪਕ ਕੁਮਾਰ ਵਾਸੀ ਰਤਨ ਨਗਰ ਗੁਲਾਬ ਦੇਵੀ ਰੋਡ ਜਲੰਧਰ, ਗਜਿੰਦਰ ਰਾਜਪੁਰ ਉਰਫ ਗੱਜੂ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਰਾਧੇ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਭਿਸ਼ੇਕ ਗਿੱਲ ਵਾਸੀ ਗੁਰਦੇਵ ਨਗਰ, ਪੱਪੂ ਵਾਸੀ ਸ਼ਹੀਦ ਬਾਬੂ ਲਾਭ ਸਿੰਘ, ਮਨੋਜ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਅਤੇ ਦੀਪਕ ਕੁਮਾਰ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਧੋਬੀ ਘਾਟ ਨੇੜੇ ਟੀ.ਵੀ ਟਾਵਰ ਜਲੰਧਰ ਤੋਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਇੱਕ ਪਿਸਤੌਲ 30 ਬੋਰ 05 ਕਾਰਤੂਸ, ਇੱਕ ਪਿਸਤੌਲ 32 ਬੋਰ 05 ਕਾਰਤੂਸ, ਇੱਕ ਦੇਸੀ ਕੱਟਾ 315 ਬੋਰ, 4 ਮੈਗਜ਼ੀਨ, ਇੱਕ ਸਪਲੈਂਡਰ ਮੋਟਰਸਾਈਕਲ ਅਤੇ ਦੋ ਸਕੂਟਰ (ਐਕਟਿਵਾ) ਬਰਾਮਦ ਕੀਤਾ ਹੈ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਕੌਮੀ ਸਰਹੱਦਾਂ ਤੋਂ ਪਾਰ ਫੈਲੀਆਂ ਹੋਈਆਂ ਸਨ, ਇਨ੍ਹਾਂ ਦੇ ਸੰਬੰਧ ਮੌਜੂਦਾ ਸਮੇਂ ਇੰਗਲੈਂਡ ਵਿੱਚ ਰਹਿੰਦੇ ਸੂਰਜ ਨਾਲ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੋਹ ਲੋਕਾਂ ਤੋਂ ਪੈਸੇ ਕਢਵਾਉਣ ਲਈ ਕਾਲਾਂ ਅਤੇ ਚਿੱਠੀਆਂ ਵਿੱਚ ਸ਼ਾਮਲ ਸੀ। ਕਾਲਾਂ ਲਈ ਵਰਤੇ ਜਾਂਦੇ ਅੰਤਰਰਾਸ਼ਟਰੀ ਨੰਬਰ ਬਾਰੇ ਵੇਰਵੇ ਪ੍ਰਾਪਤ ਕਰਨ ਲਈ ਜਾਂਚ ਪਹਿਲਾਂ ਹੀ ਚੱਲ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਅਜੇ ਤੱਕ ਸਾਰੇ ਅੱਠ ਗੈਂਗਸਟਰਾਂ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਲੱਭਿਆ ਗਿਆ, ਪਰ ਇਸ ਸੰਬੰਧੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।





