ਸਜਾਈ ਥੀ ਹਮ ਨੇ ਮਹਿਫ਼ਲ, ਲੂਟ ਲੇ ਗਯਾ ਕੋਈ…

0
155

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2024-25 ’ਤੇ ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਨੇ ਜ਼ੋਰਦਾਰ ਹਮਲਾ  ਬੋਲਿਆ। ਰਾਮ ਮੰਦਰ ਪ੍ਰੋਗਰਾਮ ’ਤੇ ਅਖਿਲੇਸ਼ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ’ਤੇ ਤਨਜ਼ ਕੱਸਿਆ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ’ਤੇ ਪੂਰਾ ਪ੍ਰੋਗਰਾਮ ਫੋਕਸ ਹੋਣ ’ਤੇ ਉਨ੍ਹਾ ਤਨਜ਼ ਕੀਤਾ। ਉਨ੍ਹਾ ਕਿਹਾ ਕਿ ਬਜਟ ਲਈ ਨਿਰਧਾਰਤ ਪ੍ਰਬੰਧਾਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਸਰਕਾਰ ਕਾਮਯਾਬ ਨਹੀਂ ਹੋਈ। ਉਨ੍ਹਾ ਨਗਰ ਵਿਕਾਸ ਵਿਭਾਗ ਤੋਂ ਲੈ ਕੇ ਗ੍ਰਹਿ ਵਿਭਾਗ ਤੱਕ ਦੇ ਬਜਟ ਦੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਜੋ ਬਜਟ ਪ੍ਰਬੰਧ ਕੀਤੇ ਗਏ, ਉਸ ਦਾ ਅੱਧਾ ਪੈਸਾ ਵੀ ਖਰਚ ਨਹੀਂ ਕੀਤਾ। ਸਰਕਾਰ ਬਜਟ ਰਾਸ਼ੀ ਖਰਚਣ ਵਿੱਚ ਕਾਮਯਾਬ ਨਹੀਂ ਹੋਈ। ਯਾਦਵ ਨੇ ਕਿਹਾ ਕਿ ਸਰਕਾਰ 90 ਫੀਸਦੀ ਲੋਕਾਂ ਲਈ 10 ਫੀਸਦੀ ਬਜਟ ਰੱਖਦੀ ਹੈ, ਉਥੇ ਹੀ 10 ਫੀਸਦੀ ਲੋਕਾਂ ਨੂੰ 90 ਫੀਸਦੀ ਬਜਟ ਦਾ ਲਾਭ ਦਿੰਦੀ ਹੈ। ਉਨ੍ਹਾ ਸਵਾਲ ਕੀਤਾ ਕਿ ਇਸ ਬਜਟ ਤੋਂ ਮਹਿੰਗਾਈ ’ਤੇ ਕਿੰਨੀ ਰਾਹਤ ਮਿਲੇਗੀ? ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ? ਭਿ੍ਰਸ਼ਟਾਚਾਰ ਨੂੰ ਰੋਕਣ ’ਚ ਕਿੰਨੀ ਸਫ਼ਲਤਾ ਮਿਲੇਗੀ? ਕੀ ਇਸ ਬਜਟ ਨਾਲ ਕਿਸਾਨਾਂ ਦੀ ਬੋਰੀ ’ਚੋਂ ਚੋਰੀ ਰੁਕੇਗੀ ਕਿ ਨਹੀਂ। ਕਿਸਾਨਾਂ ਦੀ ਆਮਦਨ ਵਧੇਗੀ ਕਿ ਨਹੀਂ।
ਰਾਮ ਮੰਦਰ ਪ੍ਰੋਗਰਾਮ ’ਤੇ ਮੁੱਖ ਮੰਤਰੀ ਯੋਗੀ ’ਤੇ ਕਰਾਰਾ ਤਨਜ਼ ਕੀਤਾ ਗਿਆ। ਉਨ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰੋਗਰਾਮ ਦੇ ਫੋਕਸ ’ਚ ਰਹਿਣ ’ਤੇ ਸ਼ਾਇਰੀ ਜ਼ਰੀਏ ਹਮਲਾ ਕੀਤਾ। ਉਨ੍ਹਾ ਕਿਹਾ ਕਿ ਪਤਾ ਨਹੀਂ ਉਹ ਅਯੁੱਧਿਆ ਕਿੰਨੀ ਵਾਰ ਗਏ। ਸੜਕ ਕਿਸ ਤਰ੍ਹਾਂ ਦੀ ਬਣੇਗੀ? ਕਿਸ ਤਰ੍ਹਾਂ ਦੀਆਂ ਲਾਈਟਾਂ ਲੱਗਣਗੀਆਂ? ਸਭ ਕੁਝ ਦੇਖਿਆ, ਪਰ ਪ੍ਰੋਗਰਾਮ ਦੇ ਦਿਨ ਉਹ ਨਹੀਂ ਦਿਖਾਈ ਦਿੱਤੇ। ਅਖਿਲੇਸ਼ ਨੇ ਸ਼ਾਇਰੀ ’ਚ ਕਿਹਾ :
ਹਜੂਰੇ ਆਲਾ ਆਜ ਤੱਕ ਖਾਮੋਸ਼ ਬੈਠੇ ਹੈਂ ਇਸੀ ਗਮ ਮੇਂ।
ਸਜਾਈ ਥੀ ਹਮ ਨੇ ਮਹਿਫਲ ਲੂਟ ਲੇ ਗਯਾ ਕੋਈ।
ਅਖਿਲੇਸ਼ ਨੇ ਮੁੱਖ ਮੰਤਰੀ ਯੋਗੀ ਦੇ ਪ੍ਰੋਗਰਾਮ ਨੂੰ ਲੈ ਕੇ ਵੱਡੀ ਗੱਲ ਕਹੀ। ਉਨ੍ਹਾ ਕਿਹਾ ਕਿ ਪ੍ਰੋਗਰਾਮ ’ਚ ਰੈੱਡ ਕਾਰਪੈਟ ਵਿਛਿਆ ਹੋਇਆ ਸੀ। ਉਸ ’ਚ ਲਾਈਨਾਂ ਬਣੀਆਂ ਹੋਈਆਂ ਸਨ। ਕਿੱਥੋਂ ਮੁੜਨਾ ਹੈ? ਕੌਣ ਉਸ ’ਤੇ ਚੱਲੇਗਾ। ਸਭ ਕੁਝ ਤੈਅ ਸੀ। ਉਸ ਰੈੱਡ ਕਾਰਪੈਟ ’ਤੇ ਨੇਤਾ ਸਦਨ ਨੂੰ ਚੱਲਣ ਤੱਕ ਨਹੀਂ ਦਿੱਤਾ ਗਿਆ। ਸ਼ਾਇਰੀ ਜ਼ਰੀਏ ਉਨ੍ਹਾ ਕਿਹਾ :
ਲਾਖੋਂ ਦੀਏ ਜਲਾਏ ਪਰ ਖੁਦ ਕੋ ਰੌਸ਼ਨੀ ’ਚ ਨਾ ਲਾ ਪਾਏ,
ਇਸੇ ਕਹਿਤੇ ਹੈਂ ਚਿਰਾਗ ਤਲੇ ਅੰਧੇਰਾ ਹੋਨਾ।
ਅਖਿਲੇਸ਼ ਨੇ ਕਿਹਾ ਕਿ ਜੋ ਰਾਮ ਨੂੰ ਲਿਆਏ ਹਨ ਕਹਿਣ ਵਾਲੇ ਲੋਕ ਪਾਪ ਕਰ ਰਹੇ ਹਨ। ਰਾਮ ਤਾਂ ਇਸ ਦੇਸ਼ ਦੇ ਕਣ-ਕਣ ’ਚ ਵਸੇ ਹੋਏ ਹਨ। ਜਦ ਰਾਮ ਮੰਦਰ ਨਹੀਂ ਸੀ, ਉਦੋਂ ਵੀ ਰਾਮ ਸਨ। ਅਖਿਲੇਸ਼ ਨੇ ਕਿਹਾ ਕਿ ਸਰਕਾਰ ਇਹ ਸਪੱਸ਼ਟ ਕਰੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਜਾਂ ਨਹੀਂ? ਬਜਟ ਏਨਾ ਵੱਡਾ ਦਿਖਾਈ ਦੇ ਰਿਹਾ ਹੈ। ਜ਼ਮੀਨ ’ਤੇ ਉਹ ਕੀ ਦਿਖਾਈ ਦੇ ਰਿਹਾ ਹੈ। ਆਮ ਲੋਕਾਂ ਨੂੰ ਇਸ ਬਜਟ ਦਾ ਕਿੰਨਾ ਲਾਭ ਮਿਲੇਗਾ? ਇਹ ਵੀ ਸਪੱਸ਼ਟ ਤੌਰ ’ਤੇ ਸਰਕਾਰ ਨੂੰ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ।

LEAVE A REPLY

Please enter your comment!
Please enter your name here