ਇਸਲਾਮਾਬਾਦ : ਪਾਕਿਸਤਾਨ ’ਚ ਆਮ ਚੋਣਾਂ ਤੋਂ ਬਾਅਦ ਕਿਸੇ ਵੀ ਸਿਆਸੀ ਦਲ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ ਐੱਮ ਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਨੇ ਮਿਲ ਕੇ ਗਠਜੋੜ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਕੇਂਦਰ ਅਤੇ ਪੰਜਾਬ ’ਚ ਗਠਜੋੜ ਸਰਕਾਰ ਬਣਾਉਣ ’ਤੇ ਸਹਿਮਤ ਹੋਈਆਂ ਹਨ। ਸ਼ਾਹਬਾਜ਼ ਸ਼ਰੀਫ਼ ਦੀ ਬਿਲਾਵਲ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ।
ਖ਼ਬਰਾਂ ਮੁਤਾਬਕ ਪੀ ਐੱਮ ਐੱਲ ਐੱਨ ਪ੍ਰਮੁੱਖ ਨਵਾਜ਼ ਸ਼ਰੀਫ਼ ਦੇ ਭਰਾ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਦੇ ਘਰ ਪੀ ਪੀ ਪੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਮੁਤਾਬਕ ਸ਼ਾਹਬਾਜ਼ ਨੇ ਜ਼ਰਦਾਰੀ ਨਾਲ ਸਰਕਾਰ ਬਣਾਉਣ ਲਈ ਚਰਚਾ ਕੀਤੀ ਅਤੇ ਨਵਾਜ਼ ਸ਼ਰੀਫ਼ ਦਾ ਸੰਦੇਸ਼ ਵੀ ਪਹੰੁਚਾਇਆ। ਇਹ ਮੁਲਾਕਾਤ ਕਰੀਬ 45 ਮਿੰਟ ਤੱਕ ਚੱਲੀ। ਇਸ ਦੌਰਾਨ ਸ਼ਾਹਬਾਜ਼ ਨੇ ਬਿਲਾਵਲ ਭੁੱਟੋ ਅਤੇ ਉਨ੍ਹਾ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਨੂੰ ਪਾਕਿਸਤਾਨ ’ਚ ਸਿਆਸੀ ਅਤੇ ਆਰਥਕ ਸਥਿਰਤਾ ਲਈ ਪੀ ਐੱਮ ਐੱਲ ਐੱਨ ਦੇ ਨਾਲ ਆਉਣ ਲਈ ਕਿਹਾ। ਸੂਤਰਾਂ ਮੁਤਾਬਕ ਪੀ ਪੀ ਪੀ ਨੇਤਾ ਕੇਂਦਰ ਅਤੇ ਪੰਜਾਬ ’ਚ ਸਰਕਾਰ ਬਣਾਉਣ ’ਤੇ ਸਹਿਮਤ ਹੋਏ ਹਨ। ਦੋਵਾਂ ਵਿਚਾਲੇ ਇੱਕ ਹੋਰ ਮੀਟਿੰਗ ਹੋਵੇਗੀ ਅਤੇ ਸੱਤਾ ਬਟਵਾਰੇ ਦੇ ਫਾਰਮੂਲੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।