ਵਾਸ਼ਿੰਗਟਨ : ਵਾਸ਼ਿੰਗਟਨ ਦੇ ਇੱਕ ਹੋਟਲ ਦੇ ਬਾਹਰ ਝਗੜੇ ਦੌਰਾਨ ਕੁੱਟਮਾਰ ਤੋਂ ਬਾਅਦ ਜ਼ਖ਼ਮੀ ਹੋਏ 41 ਸਾਲਾ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਅਮਰੀਕਾ ’ਚ ਹਾਲ ਦੇ ਦਿਨਾਂ ’ਚ ਭਾਰਤੀਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੋਟੋ ਹੋਟਲ ਦੇ ਬਾਹਰ ‘ਫਿਫਟੀਨਥ ਸਟ੍ਰੀਟ ਨਾਰਥਵੇਸਟ’ ਦੇ ਇੱਕ 1100 ਬਲਾਕ ’ਤੇ ਦੋ ਫਰਵਰੀ ਨੂੰ ਰਾਤ ਦੋ ਵਜੇ ਇਸ ਘਟਨਾ ਦੇ ਸੰਬੰਧ ’ਚ ਪੁਲਸ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀ ਉਥੇ ਪਹੁੰਚੇ ਅਤੇ ਉਨ੍ਹਾ ਨੇ ਵਿਵੇਕ ਤਨੇਜਾ ਨਾਂਅ ਦੇ ਭਾਰਤੀ ਵਿਅਕਤੀ ਨੂੰ ਫੁੱਟਪਾਥ ’ਤੇ ਗੰਭੀਰ ਰੂਪ ’ਚ ਜ਼ਖ਼ਮੀ ਹਾਲਤ ’ਚ ਦੇਖਿਆ। ਉਸ ਨੂੰ ਹਸਪਤਾਲ ਲਿਆਂਦਾ ਗਿਆ। ਵਾਸ਼ਿੰਗਟਨ ਦੇ ਇੱਕ ਟੈਲੀਵਿਜ਼ਨ ਸਟੇਸ਼ਨ ਅਨੁਸਾਰ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਕਿ ਤਨੇਜਾ ਅਤੇ ਇੱਕ ਅਣਪਛਾਤੇ ਵਿਚਾਲੇ ਕਿਸੇ ਗੱਲ ਤੋਂ ਹੋਈ ਬਹਿਸ ਕੁੱਟਮਾਰ ’ਚ ਬਦਲ ਗਈ ਅਤੇ ਦੋਸ਼ੀ ਨੇ ਤਨੇਜਾ ਦਾ ਸਿਰ ਫੁੱਟਪਾਥ ’ਤੇ ਮਾਰਿਆ। ਗੰਭੀਰ ਰੂਪ ’ਚ ਜ਼ਖ਼ਮੀ ਤਨੇਜਾ ਦੀ ਹਸਪਤਾਲ ’ਚ ਮੌਤ ਹੋ ਗਈ। ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ’ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ’ਚ ਭਾਰਤੀ ਵਿਦਿਆਰਥੀ ’ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਜਾਰਜੀਆ ਦੇ ਲਿਥੋਨੀਆ ਸ਼ਹਿਰ ’ਚ ਨਸ਼ੇ ਦੇ ਆਦੀ ਇੱਕ ਵਿਅਕਤੀ ਨੇ 25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੀ ਹੱਤਿਆ ਕਰ ਦਿੱਤੀ ਸੀ। ਅਮਰੀਕਾ ’ਚ ਇਸ ਸਾਲ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ।