ਸਮਰਾਲਾ (ਸੁਰਜੀਤ ਸਿੰਘ)-ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 10 ਸਾਲਾਂ ਦੇ ਰਾਜ ਵਿਚ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ (ਫੌਜੀਆਂ) ਨੂੰ ਬਰਬਾਦ ਕਰ ਦਿੱਤਾ ਹੈ। ਲੁਧਿਆਣਾ ਦੇ ਇਸ ਕਸਬੇ ਵਿਚ ਪੰਜਾਬ ਕਾਂਗਰਸ ਦੇ ਵਕਰਕਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ, ਜਿੱਥੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਸਭ ਤੋਂ ਫਿਟ ਬੈਠਦਾ ਹੈ। ਪੰਜਾਬ ਨੇ ਦੇਸ਼ ਨੂੰ ਕਿਸਾਨ ਤੇ ਜਵਾਨ ਦਿੱਤੇ, ਪਰ ਬਦਕਿਸਮਤੀ ਨਾਲ ਮੋਦੀ ਸਰਕਾਰ ਨੇ ਦੋਹਾਂ ਨੂੰ ਖਤਮ ਕਰ ਦਿੱਤਾ। ਖੜਗੇ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਜ਼ਬਰਦਸਤ ਪ੍ਰੋਟੈੱਸਟ ਦੇ ਬਾਅਦ ਮੋਦੀ ਸਰਕਾਰ ਨੇ ਕਾਨੂੰਨ ਰੱਦ ਕੀਤੇ, ਪਰ ਇਸ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ। ਕਾਂਗਰਸ ਸੱਤਾ ਵਿਚ ਆਉਦੀ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰੇਗੀ। ਖੜਗੇ ਨੇ ਇਹ ਵੀ ਕਿਹਾ ਕਿ ਭਾਖੜਾ ਨੰਗਲ ਡੈਮ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਂਗਰਸ ਸਰਕਾਰ ਨੇ ਬਣਾਈ। ਖੜਗੇ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਠੋਸ ਐਲਾਨ ਕਰਨ ਦੀ ਥਾਂ ਇਹੀ ਕਿਹਾ ਕਿ ਕੁਝ ਰਾਜਾਂ ਵਿਚ ‘ਇੰਡੀਆ’ ਗੱਠਜੋੜ ਸਫਲ ਹੋ ਰਿਹਾ ਹੈ ਤੇ ਕੁਝ ਵਿਚ ਨਹੀਂ। ਪਰ ਕਾਂਗਰਸ ਲੜੇਗੀ, ਜਦੋਂ ਤਕ ਜਿੱਤ ਨਹੀਂ ਜਾਂਦੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੜਾਈ ਵਿਚ ਕੌਣ ਨਾਲ ਆਉਦਾ ਹੈ ਤੇ ਕੌਣ ਨਹੀਂ। ਇੰਡੀਆ ਗੱਠਜੋੜ ਸਮੁੱਚੇ ਦੇਸ਼ ਲਈ ਬਣਾਇਆ ਗਿਆ ਹੈ, ਇਕੱਲੇ ਪੰਜਾਬ ਲਈ ਨਹੀਂ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਖੰਨਾ ਰੈਲੀ ਵਿਚ ਐਲਾਨਿਆ ਸੀ ਕਿ ਉਨ੍ਹਾ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਇਕੱਲੀ ਲੜੇਗੀ? ਇਸੇ ਦੌਰਾਨ ਖੜਗੇ ਦੀ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਨਹੀਂ ਪੁੱਜੇ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖੇੜਾ, ਅਲਕਾ ਲਾਂਬਾ, ਸੁਖਜਿੰਦਰ ਸਿੰਘ ਰੰਧਾਵਾ, ਮਨੀਸ਼ ਤਿਵਾੜੀ, ਡਾ: ਰਾਜ ਕੁਮਾਰ ਚੱਬੇਵਾਲ, ਰਾਣਾ ਕੇ ਪੀ ਸਿੰਘ, ਕੁਲਜੀਤ ਨਾਗਰਾ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵਿਚਾਰ ਪ੍ਰਗਟ ਕੀਤੇ। ਸਥਾਨਕ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦਾ ਸੱਦਾ ਦਿੱਤਾ ਹੈ।