ਇਸਲਾਮਾਬਾਦ : ਪਾਕਿਸਤਾਨੀ ਚੋਣ ਕਮਿਸ਼ਨ ਵੱਲੋਂ ਐਤਵਾਰ ਐਲਾਨੇ ਗਏ ਅੰਤਮ ਨਤੀਜਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਮਾਇਤੀਆਂ ਨੇ 264 ਵਿੱਚੋਂ 101 ਸੀਟਾਂ ਜਿੱਤੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 75, ਪਾਕਿਸਤਾਨ ਪੀਪਲਜ਼ ਪਾਰਟੀ ਨੇ 54 ਅਤੇ ਵੰਡ ਵੇਲੇ ਪਾਕਿਸਤਾਨ ਚਲੇ ਗਏ ਮੁਹਾਜ਼ਰਾਂ ਦੀ ਮੁਤਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਨੇ 17 ਸੀਟਾਂ ਜਿੱਤੀਆਂ ਹਨ। 12 ਸੀਟਾਂ ਨਿੱਕੀਆਂ ਪਾਰਟੀਆਂ ਨੇ ਜਿੱਤੀਆਂ ਹਨ। ਬਹੁਮਤ ਲਈ 133 ਸੀਟਾਂ ਦਰਕਾਰ ਹਨ। ਅੰਤਮ ਨਤੀਜਿਆਂ ਤੋਂ ਬਾਅਦ ਨਵਾਜ਼ ਦੀ ਪਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਮੁਤਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਨਾਲ ਕੁਲੀਸ਼ਨ ਸਰਕਾਰ ਬਣਾਉਣ ਲਈ ਸਿਧਾਂਤਕ ਸਮਝੌਤੇ ’ਤੇ ਅੱਪੜ ਗਈ ਹੈ। ਤਾਂ ਵੀ ਮੂਵਮੈਂਟ ਦੇ ਕਨਵੀਨਰ ਖਾਲਿਦ ਮਕਬੂਲ ਨੇ ਕਿਹਾ ਕਿ ਨਵਾਜ਼ ਸ਼ਰੀਫ ਦੀ ਪਾਰਟੀ ਨਾਲ ਗੱਲਬਾਤ ਵਿਚ ਸਰਕਾਰ ਦੀ ਬਣਤਰ ਬਾਰੇ ਚਰਚਾ ਨਹੀਂ ਹੋਈ। ਇਸੇ ਦੌਰਾਨ ਇਮਰਾਨ ਦੀ ਭੰਗ ਕਰ ਦਿੱਤੀ ਗਈ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਨੇ ਲੋਕਾਂ ਦੇ ਇਰਾਦਿਆਂ ਨੂੰ ਕੁਚਲ ਕੇ ਦੇਸ਼ ਵਿਚ ਪੀ ਡੀ ਐੱਮ-2 (ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ) ਦਾ ਸ਼ਰਮਨਾਕ ਡਰਾਮਾ ਦੁਹਰਾਉਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰ ਤੁਰੰਤ ਅਸਤੀਫੇ ਦੇਣ। ਤਹਿਰੀਕ-ਏ-ਇਨਸਾਫ ਨੂੰ ਦੇਸ਼ ਤੇ ਚੌਹਾਂ ਸੂਬਿਆਂ ਵਿਚ ਵੋਟਰਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ। ਸਰਕਾਰ ਬਣਾਉਣ ਦਾ ਉਹ ਹੀ ਸੰਵਿਧਾਨਕ, ਜਮਹੂਰੀ, ਇਖਲਾਕੀ ਤੇ ਸਿਆਸੀ ਹੱਕ ਰੱਖਦੀ ਹੈ। ਪੀ ਡੀ ਐੱਮ ਉਹ ਕੁਲੀਸ਼ਨ ਸੀ, ਜਿਹੜੀ ਨਵਾਜ਼ ਸ਼ਰੀਫ ਦੀ ਪਾਰਟੀ, ਭੁੱਟੋਆਂ ਦੀ ਪਾਰਟੀ ਤੇ ਕੁਝ ਨਿੱਕੀਆਂ ਪਾਰਟੀਆਂ ਨੇ ਸਤੰਬਰ 2020 ਵਿਚ ਬਣਾਈ ਸੀ। ਇਹ ਕੌਮੀ ਅਸੰਬਲੀ ਵਿਚ ਬੇਵਿਸਾਹੀ ਮਤਾ ਲਿਆ ਕੇ ਇਮਰਾਨ ਨੂੰ ਅਪ੍ਰੈਲ 2022 ਵਿਚ ਸੱਤਾ ਤੋਂ ਲਾਂਭੇ ਕਰਨ ਵਿਚ ਸਫਲ ਰਹੀ ਸੀ। ਪੀ ਟੀ ਆਈ ਦੇ ਚੇਅਰਮੈਨ ਗੌਹਰ ਖਾਨ ਨੇ ਪਾਕਿਸਤਾਨੀ ਸੈਨਾ ਮੁਖੀ ਆਸਿਮ ਮੁਨੀਰ ਤੋਂ ਮੰਗ ਕੀਤੀ ਹੈ ਕਿ ਉਹ ਇਮਰਾਨ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ।