ਪੱਟੀ (ਬਲਦੇਵ ਸਿੰਘ ਸੰਧੂ/ਸ਼ਮਸ਼ੇਰ ਸਿੰਘ ਯੋਧਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਲੋਕਾਂ ਨੂੰ ਸਮਰਪਿਤ ਕਰਕੇ ਨਵਾਂ ਇਤਿਹਾਸ ਰਚਿਆ। ਸੂਬਾ ਸਰਕਾਰ ਨੇ ਪ੍ਰਾਈਵੇਟ ਕੰਪਨੀ ਜੀ ਵੀ ਕੇ ਪਾਵਰ ਦੀ ਮਾਲਕੀ ਵਾਲਾ ਇਹ ਗੋਇੰਦਵਾਲ ਪਾਵਰ ਪਲਾਂਟ 1080 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦ ਕੇ ਇਤਿਹਾਸ ਸਿਰਜਿਆ ਹੈ। ਇਹ ਪਹਿਲੀ ਦਫ਼ਾ ਹੈ, ਜਦੋਂ ਸਰਕਾਰ ਨੇ ਕੋਈ ਪ੍ਰਾਈਵੇਟ ਪਾਵਰ ਪਲਾਂਟ ਖ਼ਰੀਦ ਕੇ ਪੁੱਠਾ ਗੇੜ ਸ਼ੁਰੂ ਕੀਤਾ ਹੈ, ਜਦੋਂ ਕਿ ਪਿਛਲੇ ਸਮੇਂ ਵਿੱਚ ਸੂਬਾ ਸਰਕਾਰਾਂ ਆਪਣੇ ਚਹੇਤਿਆਂ ਨੂੰ ਨਿਗੂਣੀਆਂ ਕੀਮਤਾਂ ਉਤੇ ਸਰਕਾਰੀ ਅਦਾਰੇ ਵੇਚਣ ਦੀਆਂ ਆਦੀ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਭਲਾਈ ਅਤੇ ਵਿਕਾਸ ਦੇ ਏਜੰਡੇ ਨੂੰ ਕੌਮੀ ਪੱਧਰ ਉੱਤੇ ਕੇਂਦਰ ਵਿੱਚ ਲਿਆਉਣ ਲਈ ‘ਆਪ’ ਨੂੰ ਮਜ਼ਬੂਤ ਕਰਨ ਲਈ ਲੋਕਾਂ ਦੇ ਪੂਰਨ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ।
ਮਾਨ ਨੇ ਕਿਹਾ ਕਿ ਸਰਕਾਰੀ ਜਾਇਦਾਦਾਂ ਚਹੇਤਿਆਂ ਨੂੰ ਵੇਚਣ ਦੇ ਰੁਝਾਨ ਦੇ ਉਲਟ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖਰੀਦਣ ਦਾ ਇਤਿਹਾਸਕ ਫੈਸਲਾ ਲਿਆ ਹੈ। ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਸੂਬੇ ਦੇ ਬਾਕੀ ਬਚੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਖਰੀਦ ਲਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਹੁਣ ਪਰਵਾਰ ਬਚਾਓ ਯਾਤਰਾ ਦੇ ਰਾਹ ਪੈ ਰਹੇ ਹਨ, ਉਨ੍ਹਾਂ ਆਪਣੇ ਲੰਮੇ ਕਾਰਜਕਾਲ ਦੌਰਾਨ ਸੂਬੇ ਨੂੰ ਲੁੱਟਿਆ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੇਰਹਿਮੀ ਨਾਲ ਸੂਬੇ ਨੂੰ ਬਰਬਾਦ ਕਰ ਦਿੱਤਾ, ਜਿਸ ਕਾਰਨ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਹੈ। ਉਹਨਾ ਕਿਹਾ ਕਿ ਲੋਕ ਇਨ੍ਹਾਂ ਆਗੂਆਂ ਦੇ ਇਕ ਵੀ ਸ਼ਬਦ ’ਤੇ ਭਰੋਸਾ ਨਹੀਂ ਕਰਦੇ, ਜਿਸ ਕਾਰਨ ਇਹ ਆਗੂ ਸਾਡੇ ਨਾਲ ਦਵੈਖ ਰੱਖਦੇ ਹਨ।
ਕੇਜਰੀਵਾਲ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਿਰਫ ‘ਆਪ’ ਤੋਂ ਡਰਦੀ ਹੈ, ਜਿਸਨੇ ਉਸਦੀ ਨੀਂਦ ਉਡਾ ਦਿੱਤੀ ਹੈ। 10 ਸਾਲਾਂ ਦੇ ਵਕਫੇ ਵਿਚ ‘ਆਪ’ ਨੇ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਬਣਾਈਆਂ ਅਤੇ ਗੁਜਰਾਤ ਤੇ ਗੋਆ ਵਿਚ ਉਸਦੇ ਵਿਧਾਇਕ ਹਨ। ਉਨ੍ਹਾ ਕਿਹਾਅਸੀਂ ਜਿੱਥੇ ਚੋਣ ਲੜਦੇ ਹਾਂ, ਕਾਫੀ ਵੋਟਾਂ ਲੈਂਦੇ ਹਾਂ। ਭਾਜਪਾ ਡਰੀ ਹੋਈ ਹੈ ਕਿ ਜੇ ‘ਆਪ’ ਇਸੇ ਹਿਸਾਬ ਨਾਲ ਚੜ੍ਹਦੀ ਰਹੀ ਤਾਂ ਇਕ ਦਿਨ ਉਸਦਾ ਕੇਂਦਰ ਵਿਚ ਰਾਜ ਆ ਜਾਵੇਗਾ।
ਕੇਜਰੀਵਾਲ ਨੇ ਕਿਹਾਸਾਡੀ ਇੱਕੋਇੱਕ ਤਾਕਤ ਸਪੱਸ਼ਟ ਇਰਾਦਿਆਂ ਵਾਲੀ ਇਮਾਨਦਾਰੀ ਹੈ। ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ। ਸਕੂਲ, ਹਸਪਤਾਲ ਤੇ ਸੜਕਾਂ ਬਣਾਉਦੇ ਹਾਂ ਤੇ ਬਿਜਲੀ ਮੁਹੱਈਆ ਕਰਾਉਦੇ ਹਾਂ। ਭਾਜਪਾ ਇਹ ਕੰਮ ਨਹੀਂ ਕਰ ਸਕਦੀ। ਭਾਜਪਾ ‘ਆਪ’ ਨੂੰ ਕੁਚਲਣਾ ਚਾਹੁੰਦੀ ਤੇ ਖਤਮ ਕਰਨਾ ਚਾਹੁੰਦੀ ਹੈ। ਉਹ ਇਸਦੇ ਆਗੂਆਂ ਨੂੰ ਗਿ੍ਰਫਤਾਰ ਕਰਕੇ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਕੇਂਦਰ ਵੱਲੋਂ ਪੰਜਾਬ ਦੇ 8 ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕਣ ਦਾ ਵੀ ਜ਼ਿਕਰ ਕੀਤਾ।