ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਐਨ ਪਹਿਲਾਂ ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਓ, ਚੌਧਰੀ ਚਰਨ ਸਿੰਘ ਅਤੇ ਖੇੇਤੀ ਵਿਗਿਆਨੀ ਐੱਮ ਐੱਸ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ। ਇਹ ਤਿੰਨਾਂ ਦਾ ਸਨਮਾਨ ਚੋਣ ਰਣਨੀਤੀ ਤਹਿਤ ਕੀਤਾ ਗਿਆ। ਮੋਦੀ ਸਰਕਾਰ ਜਨਵਰੀ ਤੋਂ ਹੁਣ ਤੱਕ ਪੰਜ ਸ਼ਖਸੀਅਤਾਂ ਨੂੰ ਭਾਰਤ ਰਤਨ ਦੇ ਚੁੱਕੀ ਹੈ। ਇਸ ਪਿੱਛੇ ਸਿਆਸੀ ਲਾਹਾ ਖੱਟਣ ਦਾ ਮਨਸੂਬਾ ਇਸ ਤੱਥ ਤੋਂ ਸਾਫ ਹੁੰਦਾ ਹੈ ਕਿ ਭਾਰਤ ਰਤਨਾਂ ਦਾ ਐਲਾਨ ਤਿੰਨ ਕਿਸ਼ਤਾਂ ਵਿਚ ਕੀਤਾ ਗਿਆ। ਮਗਰਲੇ ਤਿੰਨ ਭਾਰਤ ਰਤਨ ਪੱਛਮੀ ਯੂ ਪੀ, ਤੇਲਗੂ ਭਾਸ਼ੀ ਤਿਲੰਗਾਨਾ-ਆਂਧਰਾ ਤੇ ਤਾਮਿਲਨਾਡੂ ਦੇ ਵਿਅਕਤੀਆਂ ਨੂੰ ਦਿੱਤੇ ਗਏ ਹਨ। ਇਨ੍ਹਾਂ ਖੇਤਰਾਂ ਵਿਚ ਭਾਜਪਾ ਦੀ ਬਹੁਤੀ ਪੈਠ ਨਹੀਂ ਅਤੇ ਮੋਦੀ ਨੇ 400 ਸੀਟਾਂ ਟਪਾਉਣ ਦੀ ਆਪਣੀ ਭਵਿੱਖਬਾਣੀ ਸਹੀ ਸਾਬਤ ਕਰਨ ਲਈ ਇਨ੍ਹਾਂ ਤਿੰਨ ਗੈਰ-ਭਾਜਪਾਈਆਂ ਦੀ ਚੋਣ ਕੀਤੀ, ਜਿਨ੍ਹਾਂ ਦੀ ਆਪਣੇ ਖੇਤਰਾਂ ਵਿਚ ਕਾਫੀ ਇੱਜ਼ਤ ਰਹੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਚਾਰ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਵੇਲੇ ਦਿੱਤੇ ਗਏ ਸਨ। ਮੋਦੀ ਨੇ ਪਹਿਲਾਂ ਪੱਛਮੀ ਯੂ ਪੀ ਦੇ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ, ਜਿਹੜੇ 1979-80 ਵਿਚ ਪ੍ਰਧਾਨ ਮੰਤਰੀ ਰਹੇ ਤੇ ਜਿਨ੍ਹਾਂ ਨੂੰ ਕਿਸਾਨਾਂ ਦੇ ਹੱਕਾਂ ਦਾ ਚੈਂਪੀਅਨ ਕਿਹਾ ਜਾਂਦਾ ਸੀ। ਭਾਜਪਾ ਆਗੂ ਚੌਧਰੀ ਚਰਨ ਸਿੰਘ ਦੇ ਪੋਤਰੇ ਜਯੰਤ ਚੌਧਰੀ ਨੂੰ ਆਪਣੇ ਨਾਲ ਰਲਾਉਣ ਲਈ ਸਰਗਰਮ ਸਨ, ਤਾਂ ਜੋ ਖਿੱਤੇ ਵਿਚ ਵੱਧ ਸੀਟਾਂ ਜਿੱਤੀਆਂ ਜਾ ਸਕਣ। ਦਾਦੇ ਨੂੰ ਭਾਰਤ ਰਤਨ ਦੇ ਐਲਾਨ ਤੋਂ ਬਾਅਦ ਜਯੰਤ ਚੌਧਰੀ ਨੇ ਕਿਹਾਤੁਸੀਂ ਮੇਰਾ ਦਿਲ ਜਿੱਤ ਲਿਆ। ਨਾਲ ਹੀ ਜਯੰਤ ਨੇ ਇੰਡੀਆ ਬਲਾਕ ਨੂੰ ਛੱਡ ਕੇ ਐੱਨ ਡੀ ਏ ਵਿਚ ਸ਼ਾਮਲ ਹੋਣ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਜਯੰਤ ਚੌਧਰੀ ਦੇ ਰਾਸ਼ਟਰੀ ਲੋਕ ਦਲ ਨੇ ਐੱਨ ਡੀ ਏ ਵਿਚ ਸ਼ਾਮਲ ਹੋਣ ਲਈ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਸ਼ਰਤ ਰੱਖੀ ਸੀ। ਮੋਦੀ ਨੇ ਦੂਜਾ ਐਲਾਨ ਨਰਸਿਮ੍ਹਾ ਰਾਓ ਨੂੰ ਭਾਰਤ ਰਤਨ ਦੇਣ ਦਾ ਕੀਤਾ। ਰਾਓ ਦੇ ਦੌਰ ਵਿਚ ਹੀ ਬਾਬਰੀ ਮਸਜਿਦ ਦਾ ਢਾਂਚਾ ਢਾਹਿਆ ਗਿਆ ਸੀ। ਰਾਓ ਨੂੰ ਭਾਰਤ ਰਤਨ ਦੇਣ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਰਾਮ ਮੰਦਰ ਦਾ ਅੰਦੋਲਨ ਚਲਾਉਣ ਵਾਲੇ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ ਕੇ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ। ਰਾਓ ਤੇ ਅਡਵਾਨੀ ਨੂੰ ਭਾਰਤ ਰਤਨ ਦੇਣ ਨੂੰ ਇਸ ਸੰਦਰਭ ਵਿਚ ਵੀ ਦੇਖਿਆ ਜਾ ਸਕਦਾ ਹੈ ਕਿ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ। ਮੋਦੀ ਰਾਮ ਮੰਦਰ ਦਾ ਚੋਣਾਂ ਵਿਚ ਲਾਹਾ ਲੈਣ ਦਾ ਕੋਈ ਮੌਕਾ ਨਹੀਂ ਚੂਕ ਰਹੇ। ਇਸ ਸਾਲ ਦਾ ਪਹਿਲਾ ਭਾਰਤ ਰਤਨ 23 ਜਨਵਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਰਹੇ ਸੋਸ਼ਲਿਸਟ ਆਗੂ ਕਰਪੂਰੀ ਠਾਕੁਰ ਨੂੰ ਦਿੱਤਾ ਗਿਆ ਸੀ ਤੇ ਉਸ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਇੰਡੀਆ ਬਲਾਕ ਛੱਡ ਕੇ ਐੱਨ ਡੀ ਏ ਵਿਚ ਪਰਤ ਗਏ।