ਅਵੀਵ : ਇਜ਼ਰਾਇਲ ਨੇ ਦੱਖਣੀ ਗਾਜ਼ਾ ਦੇ ਰਫਾਹ ਬਾਰਡਰ ’ਤੇ ਵੱਡਾ ਹਵਾਈ ਹਮਲਾ ਕੀਤਾ ਹੈ। ਇਸ ’ਚ ਘੱਟੋ-ਘੱਟ 63 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ ਇਜ਼ਰਾਇਲ ਦਾ ਕਹਿਣਾ ਹੈ ਕਿ ਉਸ ਦੀ ਫੌਜ ਨੇ ਦੋ ਬੰਧਕਾਂ ਨੂੰ ਹਮਾਸ ਦੇ ਕਬਜ਼ੇ ਤੋਂ ਛੁਡਾਇਆ ਹੈ। ਇੱਕ ਰਿਪੋਰਟ ਮੁਤਾਬਿਕ ਰਫ਼ਾਹ ਬਾਰਡਰ ’ਤੇ ਆਈ ਡੀ ਐੱਫ ਨੇ ਘੱਟੋ-ਘੱਟ 14 ਘਰਾਂ ਅਤੇ ਤਿੰਨ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲ ਨੇ ਭੀੜ-ਭਾੜ ਵਾਲੇ ਇਲਾਕੇ ’ਚ ਬੰਬਾਰੀ ਕੀਤੀ। ਇਜ਼ਰਾਇਲ ਦੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਾਬੌਰਾ ਜ਼ਿਲ੍ਹੇ ’ਚ ਅੱਤਵਾਦੀਆਂ ’ਤੇ ਹਮਲਾ ਕੀਤਾ ਗਿਆ ਹੈ, ਜੋ ਕਿ ਹੁਣ ਪੂਰਾ ਹੋ ਚੁੱਕਾ ਹੈ। ਦਾਅਵਾ ਕੀਤਾ ਗਿਆ ਕਿ ਰਫ਼ਾਹ ’ਚ ਅਪ੍ਰੇਸ਼ਨ ਚਲਾ ਕੇ ਦੋ ਬੰਧਕਾਂ ਨੂੰ ਛੁਡਾਇਆ ਗਿਆ ਹੈ। ਉਨ੍ਹਾ ਦਾ ਨਾਂਅ ਫਰਨਾਡੋ ਸਾਇਮਨ ਅਤੇ ਲੂਇਸ ਹਾਰ ਦੱਸਿਆ ਗਿਆ ਹੈ। ਇਜ਼ਰਾਇਲ ਨੇ ਕਿਹਾ ਕਿ ਛੁਡਾਏ ਗਏ ਬੰਧਕ ਸਹੀ-ਸਲਾਮਤ ਹਨ। ਇਜ਼ਰਾਇਲ ਨੇ ਕਿਹਾ ਕਿ ਰਫਾਹ ’ਚ ਹੋਣ ਵਾਲੇ ਹਮਲੇ ਤੋਂ ਬਾਅਦ ਹਮਾਸ ਨੂੰ ਮਜਬੂਰਨ ਬੰਧਕਾਂ ਨੂੰ ਛੱਡਣਾ ਪਵੇਗਾ।