ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ (65) ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਝਟਕਾ ਦਿੰਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਚਵਾਨ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਭਾਜਪਾ ’ਚ ਸ਼ਾਮਲ ਹੋਣਗੇ। ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ, ਜੋ ਸ਼ਿਵ ਸੈਨਾ ’ਚ ਸ਼ਾਮਲ ਹੋ ਗਏ ਸਨ, ਤੋਂ ਬਾਅਦ ਚਵਾਨ ਮਹਾਰਾਸ਼ਟਰ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਦੂਜੇ ਵੱਡੇ ਨੇਤਾ ਹਨ। ਚਵਾਨ ਨੇ ਵਿਧਾਇਕ ਵਜੋਂ ਆਪਣਾ ਅਸਤੀਫਾ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਹੈ। ਚਵਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਤੋਂ ਨਾਖੁਸ਼ ਸਨ। ਚਵਾਨ ਦੇ ਪਿਤਾ ਸ਼ੰਕਰਰਾਓ ਚਵਾਨ ਵੀ ਮੁੱੱਖ ਮੰਤਰੀ ਰਹੇ ਹਨ। ਅਸ਼ੋਕ ਚਵਾਨ ਨੂੰ 2010 ਵਿਚ ਮੁੰਬਈ ਵਿਚ ਆਦਰਸ਼ ਹਾਊਸਿੰਗ ਸਕੈਂਡਲ ਕਾਰਨ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਉਹ 2014-19 ਵਿਚ ਕਾਂਗਰਸ ਪ੍ਰਧਾਨ ਵੀ ਰਹੇ।
ਕਾਂਗਰਸ ਨੇ ਕਿਹਾ ਹੈ ਕਿ ਦਗਾਬਾਜ਼ ਇਹ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਹੋਣਗੇ, ਜਿਹੜੇ ਇਨ੍ਹਾਂ ਕਰਕੇ ਅੱਗੇ ਨਹੀਂ ਵਧ ਸਕੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਿਹੜੇ ਡਰੇ ਹੋਏ ਹਨ, ਉਨ੍ਹਾਂ ਨੂੰ ਵਿਚਾਰਧਾਰਕ ਪ੍ਰਤੀਬੱਧਤਾ ਨਾਲੋਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੰਗੀ ਲੱਗਦੀ ਹੈ। ਕਾਂਗਰਸ ਆਗੂ ਮਨਿੱਕਮ ਟੈਗੋਰ ਨੇ ਫਿਲਮ ‘ਸ਼ੋਅਲੇ’ ਦੇ ਡਾਇਲਾਗ ਨਾਲ ਟਿੱਪਣੀ ਕੀਤੀਜੋ ਡਰ ਗਯਾ ਸਮਝੋ ਮਰ ਗਯਾ।